ਪਟਿਆਲਾ : ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਉਸ ਵੇਲੇ ਭੜਥੂ ਪੈ ਗਿਆ ਜਦੋਂ ਇਕ ਕਿਸਾਨ ਨੇ ਸਲਫਾਸ ਨਿਗਲ ਗਈ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਕਿਸਾਨ ਰੇਸ਼ਮ ਸਿੰਘ (55) ਤਰਨਤਾਰਨ ਜ਼ਿਲ੍ਹੇ ਦੇ ਪਹੂਵਿੰਡ ਦਾ ਰਹਿਣ ਵਾਲਾ ਸੀ। ਕਿਸਾਨ ਨੇਤਾ ਤੇਜਬੀਰ ਸਿੰਘ ਨੇ ਕਿਹਾ ਕਿ ਰੇਸ਼ਮ ਸਿੰਘ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ 11 ਮਹੀਨੇ ਤੋਂ ਅੰਦੋਲਨ ਦੇ ਬਾਵਜੂਦ ਸਰਕਾਰ ਵਲੋਂ ਇਸ ਦਾ ਹੱਲ ਨਾ ਕੱਢਣ ਤੋਂ ਨਾਰਾਜ਼ ਸੀ। ਉਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਚ ਭਰਤੀ ਕਰਵਾਇਆ ਪਰ ਥੋੜੇ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਕਿਸਾਨਾਂ ਦਾ ਕਹਿਣਾ ਹੈ ਕਿ ਸਵੇਰੇ ਲੰਗਰ ਸਥਾਨ ਕੋਲ ਹੀ ਕਿਸਾਨ ਨੇ ਸਲਫਾਸ ਖਾਧੀ।
ਜਿਵੇਂ ਹੀ ਇਸ ਬਾਰੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 14 ਦਸੰਬਰ ਨੂੰ ਕਿਸਾਨ ਰਣਜੋਧ ਸਿੰਘ ਨੇ ਸਲਫਾਸ ਨਿਗਲ ਲਈ ਸੀ। ਉਹ ਉਸ ਦਿਨ ਦਿੱਲੀ ਕੂਚ ਨਾ ਕਰਨ ਦੇਣ ਤੋਂ ਨਾਰਾਜ਼ ਸੀ। 4 ਦਿਨ ਬਾਅਦ ਉਸ ਦੀ ਰਜਿੰਦਰਾ ਹਸਪਤਾਲ ਵਿਚ ਮਤੌ ਹੋ ਗਈ ਸੀ।