ਵੈਲਿੰਗਟਨ– ਮੈਟ ਹੈਨਰੀ (4 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਿਲ ਯੰਗ (ਅਜੇਤੂ 90) ਦੀ ਬਿਹਤਰੀਨ ਪਾਰੀ ਦੇ ਦਮ ’ਤੇ ਨਿਊਜ਼ੀਲੈਂਡ ਨੇ ਪਹਿਲੇ ਵਨ ਡੇ ਮੈਚ ਵਿਚ ਸ਼੍ਰੀਲੰਕਾ ਨੂੰ 142 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਨਿਊਜ਼ੀਲੈਂਡ ਨੇ 3 ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਬਣਾ ਲਈ। 19 ਦੌੜਾਂ ਦੇ ਕੇ 4 ਵਿਕਟਾਂ ਲੈਣ ਵਾਲੇ ਨਿਊਜ਼ੀਲੈਂਡ ਦੇ ਮੈਟ ਹੈਨਰੀ ਨੂੰ ‘ਪਲੇਅਰ ਆਫ ਦਿ ਮੈਚ’ ਮਿਲਿਆ।
ਸ਼੍ਰੀਲੰਕਾ ਦੀਆਂ 178 ਦੌੜਾਂ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਵੱਲੋਂ ਵਿਲ ਯੰਗ ਤੇ ਰਚਿਨ ਰਵਿੰਦਰ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੀ ਵਿਕਟ ਲਈ 93 ਦੌੜਾਂ ਜੋੜੀਆਂ। 13ਵੇਂ ਓਵਰ ਵਿਚ ਚਾਮਿੰਦੂ ਵਿਕ੍ਰਮਾਸਿੰਘੇ ਨੇ ਰਚਿਨ ਰਵਿੰਦਰ ਨੂੰ ਹਸਰੰਗਾ ਦੇ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਰਚਿਨ ਨੇ 36 ਗੇਂਦਾਂ ਵਿਚ 6 ਚੌਕੇ ਤੇ 1 ਛੱਕਾ ਲਾਉਂਦੇ ਹੋਏ 45 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਮਾਰਕ ਚੈਪਮੈਨ ਨੇ ਵਿਲ ਯੰਗ ਦੇ ਨਾਲ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਦੂਜੀ ਵਿਕਟ ਲਈ ਅਜੇਤੂ 87 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਸਿਰਫ 26.2 ਓਵਰਾਂ ਵਿਚ 180 ਦੌੜਾਂ ਬਣਾ ਕੇ 9 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਵਿਲ ਯੰਗ 86 ਗੇਂਦਾਂ ਵਿਚ 90 ਤੇ ਮਾਰਕ ਚੈਪਮੈਨ 36 ਗੇਂਦਾਂ ਵਿਚ 29 ਦੌੜਾਂ ਬਣਾ ਕੇ ਅਜੇਤੂ ਰਹੇ। ਸ਼੍ਰੀਲੰਕਾ ਵੱਲੋਂ ਇਕਲੌਤੀ ਵਿਕਟ ਚਾਮਿੰਦੂ ਵਿਕ੍ਰਮਾਸਿੰਘੇ ਨੂੰ ਮਿਲੀ।
ਨਿਊਜ਼ੀਲੈਂਡ ਦੇ ਗੇਂਦਬਾਜ਼ੀ ਹਮਲੇ ਦੇ ਅੱਗੇ ਸ਼੍ਰੀਲੰਕਾ ਦੀ ਪੂਰੀ ਟੀਮ 42.4 ਓਵਰਾਂ ਵਿਚ 178 ਦੇ ਸਕੋਰ ’ਤੇ ਸਿਮਟ ਗਈ। ਨਿਊਜ਼ੀਲੈਂਡ ਵੱਲੋਂ ਮੈਟ ਹੈਨਰੀ ਤੋਂ ਇਲਾਵਾ ਜੈਕਬ ਡਫੀ ਤੇ ਨਾਥਨ ਸਮਿਤ ਨੂੰ 2-2 ਵਿਕਟਾਂ ਮਿਲੀਆਂ। ਮਿਸ਼ੇਲ ਸੈਂਟਰ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ।