ਚੰਡੀਗੜ੍ਹ : ਸੂਬੇ ਵਿਚ ਪੈਨਸ਼ਨਾਂ ਨੂੰ ਲੈ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ, ਜਿਸ ਦੇ ਚੱਲਦੇ ਐੱਮ ਸੇਵਾ ਐੱਪ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਮ੍ਰਿਤਕ ਬਜ਼ੁਰਗ ਪੈਨਸ਼ਨਰਾਂ ਦੇ ਖਾਤਿਆਂ ਵਿਚ ਜਾਣ ਵਾਲੀ ਪੈਨਸ਼ਨ ਦਾ ਝੰਜਟ ਵੀ ਖ਼ਤਮ ਹੋ ਜਾਵੇਗਾ। ਹਰ ਪੈਨਸ਼ਨ ਦੀ ਤਸਦੀਕ ਉਨ੍ਹਾਂ ਦੇ ਘਰ ਜਾ ਕੇ ਕੀਤੀ ਜਾਵੇਗੀ। ਇਥੇ ਹੀ ਬਸ ਨਹੀਂ ਪੈਨਸ਼ਨਰ ਦੀ ਲਾਈਵ ਫੋਟੇ ਵੀ ਖਿਚੀ ਜਾਵੇਗੀ ਜਿਸ ਨੂੰ ਇਸ ਐਪ ਵਿਚ ਅਪਲੋਡ ਕੀਤਾ ਜਾਵੇਗਾ। ਜੇਕਰ ਜਾਂਚ ਵਿਚ ਪੈਨਸ਼ਨਰ ਮ੍ਰਿਤਕ ਪਾਇਆ ਗਿਆ ਤਾਂ ਤੁਰੰਤ ਉਸ ਦਾ ਨਾਮ ਕੱਟ ਦਿੱਤਾ ਜਾਵੇਗਾ। ਇਹ ਪ੍ਰੋਸੈੱਸ ਇਕ ਸਰਵੇ ਵਿਚ ਹੋਵੇਗਾ। ਹਰ ਪਿੰਡ ਵਿਚ ਸਰਵੇ ਆਂਗਣਵਾੜੀ ਵਰਕਰ ਅਤੇ ਸੁਪਰਵਾਈਜ਼ਰ ਕਰਨਗੇ। ਉਨ੍ਹਾਂ ਦੇ ਮੋਬਾਈਲ ‘ਤੇ ਐਪ ਐੱਮ ਸੇਵਾ ਇੰਸਟਾਲ ਕਰ ਦਿੱਤੀ ਗਈ ਹੈ।
ਸੂਤਰਾਂ ਮੁਤਾਬਕ ਇਹ ਸਰਵੇ ਨਵੇਂ ਸਾਲ ਤੋਂ ਸ਼ੁਰੂ ਹੋ ਗਿਆ ਹੈ। ਸਰਵੇ ਪਹਿਲਾਂ ਸੂਬੇ ਦੇ 12,581 ਪਿੰਡਾਂ ਦਾ ਹੋਵੇਗਾ। ਇਸ ਮਗਰੋਂ ਵਿਭਾਗ ਸ਼ਹਿਰਾਂ ਵਿਚ ਸਰਵੇ ਲਈ ਹੈਲਥ ਵਰਕਰਾਂ ਦੀ ਮਦਦ ਲਵੇਗਾ। ਪੰਜਾਬ ਸਰਕਾਰ ਨੇ ਇਹ ਫ਼ੈਸਲਾ ਮ੍ਰਿਤਕ ਪੈਨਸ਼ਨਰਾਂ ਦੀ ਜਾਣਕਾਰੀ ਦਫਤਰਾਂ ਤਕ ਨਾ ਪਹੁੰਚਾਉਣ ਕਾਰਣ ਉਨ੍ਹਾਂ ਦੇ ਖਾਤੇ ਵਿਚ ਜਾ ਰਹੀ ਪੈਨਸ਼ਨ ਨੂੰ ਰੋਕਣ ਲਈ ਲਿਆ ਹੈ। ਦਰਅਸਲ ਲੰਬੇ ਸਮੇਂ ਤੋਂ ਮ੍ਰਿਤਕ ਪੈਨਸ਼ਨਰਾਂ ਦੇ ਖਾਤੇ ਵਿਚ ਪੈਨਸ਼ਨ ਭੇਜੀ ਜਾ ਰਹੀ ਹੈ। ਬਾਅਦ ਵਿਚ ਇਸ ਪੈਨਸ਼ਨ ਨੂੰ ਰਿਕਵਰ ਕਰਨ ਵਿਚ ਵਿਭਾਗ ਨੂੰ ਲੰਬੀ ਉਡੀਕ ਕਰਨੀ ਪੈਂਦੀ ਹੈ। ਅੰਕੜਿਆਂ ਮੁਤਾਬਕ 2022-2024 ਤੋਂ 2024-25 (ਨਵੰਬਰ ਤਕ) 1,39,836 ਮ੍ਰਿਤ ਅਤੇ ਆਯੋਗ ਪੈਨਸ਼ਨਰਾਂ ਦੇ ਖਾਤੇ ਵਿਚ 138.78 ਕਰੋੜ ਰੁਪਏ ਦੀ ਰਾਸ਼ੀ ਸੈਂਡ ਹੋ ਗਈ ਸੀ। ਜ਼ਿਆਦਾਤਰ ਮ੍ਰਿਤ ਪੈਨਸ਼ਨਰ ਉਹ ਸਨ ਜਿਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੀ ਮੌਤ ਦੀ ਸੂਚਨਾ ਸਰਕਾਰ ਨੂੰ ਨਹੀਂ ਦਿੱਤੀ। ਇਸ ਕਾਰਣ ਉਨ੍ਹਾਂ ਦੇ ਖਾਤਿਆਂ ਵਿਚ ਪੈਨਸ਼ਨਾਂ ਦੇ ਰੂਪ ਵਿਚ ਗਈ ਕਰੋੜਾਂ ਰੁਪਏ ਦੀ ਰਾਸ਼ੀ ਰਿਕਵਰ ਕਰਨ ਲਈ ਸਰਕਾਰ ਨੂੰ ਵੱਡੇ ਪ੍ਰੋਸੈੱਸ ਵਿਚ ਲੰਘਣਾ ਪੈਂਦਾ ਹੈ, ਜਿਸ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਇਸ ਦੇ ਚੱਲਦੇ ਸਰਕਾਰ ਨੇ ਸਰਵੇ ਕਰਵਾਉਣ ਵਾਲਾ ਕਦਮ ਚੁੱਕਿਆ ਹੈ।