“ਬੀਜੇ ਰੋੜ ਜੰਮੇ ਝਾੜ, ਲੱਗੇ ਨਿੰਬੂ ਖਿੜੇ ਅਨਾਰ”
ਸਾਡੇ ਪਿੰਡਾਂ (ਚੰਡੀਗੜ੍ਹ ਚੁਗਿਰਦ ਪੁਆਧ) ਚ ਕਪਾਹ-ਨਰਮੇ ਦੀ ਫ਼ਸਲ ਨੂੰ “ਬਾੜੀ” ਆਖਦੇ ਸਨ (ਹਨ)। ਇਹ ਸਾਡੇ ਪੇਂਡੁ ਅਰਥਚਾਰੇ, ਸੱਭਿਆਚਾਰ ਅਤੇ ਭਾਈਚਾਰੇ ਦਾ ਅਨਿੱਖੜਵਾਂ ਅੰਗ ਰਹੀ।ਬਾੜੀ ਦੇ ਖਿੜੇ ਫੁੱਲਾਂ ਦੀ ਬਹਾਰ ਵੇਖ ਸ਼ਿਵ ਕੁਮਾਰ ਬਟਾਲਵੀ ਨੇ ਸੱਜਰੀ ਜਵਾਨੀ ਦੇ ਵਲਵਲੇ ਚਿਤਰਦਿਆਂ ਲਿਖਿਆ: “ਜਦ ਪੈਣ ਕਪਾਹੀਂ ਫੁੱਲ ਵੇ, ਸਾਨੂੰ ਓਹ ਰੁੱਤ ਲੈ ਦਈਂ ਮੁੱਲ ਵੇ”….।ਇਸੇ ਤਸ਼ਬੀਹ ਨਾਲ ਨਰਿੰਦਰ ਬੀਬਾ ਦੇ ਬੋਲ ,“ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪੱਤ ਹਰੇ ਹਰੇ, ਆਖ ਨੀ ਨਨਾਣੇ ਤੇਰੇ ਵੀਰ ਨੂੰ ਕਦੇ ਤਾਂ ਭੈੜਾ ਹੱਸਿਆ ਕਰੇ” 1970 ਤੋਂ ਹੁਣ ਤੱਕ ਹਰ ਮਨ ਪਿਆਰੇ ਹਨ। ਕਪਾਹ ਚੁਗਣ ਤੋਂ ਹੰਢਣ ਤੱਕ (ਬੇਲਣਾ, ਪਿੰਜਵਾਉਣਾ, ਪੂਣੀਆਂ ਵੱਟਣਾ, ਕੱਤਣਾ, ਨਿੱਚਲੇ/ਗਲੋਟੇ ਅਟੇਰ ਅੱਟੀਆਂ ਤਿਆਰ ਕਰ ਕੱਪੜਾ ਬੁਣਨ ਲਈ ਖੱਡੀ ਤੇ ਭੇਜਣਾ, ਰਜਾਈਆਂ ਭਰਵਾ ਕੇ ਨਗੰਦਣੀਆਂ, ਸਿਰਹਾਣੇ ਤਿਆਰ ਕਰਨੇ, ਦਰੀਆਂ, ਖੇਸ, ਖੇਸੀਆਂ ਦੇ ਬੰਬਲ ਬੱਟਣੇ ਆਦਿ) ਦਾ ਸਾਰਾ ਥੱਕ-ਟੁੱਟ ਕੰਮ ਔਰਤਾਂ ਆਪਣੇ ਹੱਥੀਂ ਹੀ ਕਰਦੀਆਂ ਸਨ। ਤਾਹੀਏੇਂ ਨਰਿੰਦਰ ਬੀਬਾ ਨੇ ਗਾਇਆ :”ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ।”ਉਸ ਦੇ ਇਕ ਹੋਰ ਗੀਤ ਵਿੱਚ ਨਵੀਂ ਵਿਆਹੀ ਮੁਟਿਆਰ ਦਾ ਦਰਦ ਝਲਕਦਾ ਹੈ : ਕਾਹਦੀ ਕੱਤੇ (ਕੱਤਕ) ਵਿੱਚ ਆਈ ਮੁਕਲਾਵੇ, ਮੈਂ ਮਰ ਗਈ ਕਪਾਹਾਂ ਚੁਗਦੀ”।ਖੱਦਰ ਦਾ ਝੱਗਾ, ਪਜਾਮਾ, ਪਰਨਾ, ਚਾਦਰ, ਖੇਸੀ, ਦਰੀ, ਰਜਾਈ, ਉਛਾੜ/ਗਿਲਾਫ, ਸਿਰਹਾਣਾ ਸਭ ਬਾੜੀ ਦੀ ਹੀ ਦੇਣ ਸਨ। ਭਿੰਨ-ਭਿੰਨ ਰੰਗੇ ਸੂਤ ਨਾਲ ਦਰੀਆਂ, ਪੀੜ੍ਹੇ, ਮੰਜੇ, ਪਲੰਘ, ਨਾਲ਼ੇ, ਝੋਲ਼ੇ ਬੁਣੇ ਜਾਂਦੇ ਸਨ। ਪੀਘਾਂ ਝੂਟਣ ਲਈ ਬੇੜ, ਖੂਹ ਚੋਂ ਪਾਣੀ ਕੱਢਣ ਲਈ ਲੱਜ ਅਤੇ ਹੋਰ ਰੱਸੀਆਂ ਬਾੜੀ ਦੇ ਸੂਤ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਸਨ।ਕਪਾਹ ਦੀਆਂ ਛਟੀਆਂ ਚੁੱਲ੍ਹਾ ਝੋਕਣ ਦੇ ਕੰਮ ਆਉਂਦੀਆਂ ਸਨ। ਪਿਛਲੀ ਸਦੀ ਸਾਇੰਸ ਕੁੱਖੋਂ ਉਪਜੀ ਬਨਾਵਟੀ ਰੂੰ ਅਤੇ ਵਪਾਰਿਕ ਫਸਲ “ਝੋਨੇ” ਨੇ ਸਾਡੇ ਪਿੰਡਾਂ ਚੋ ਇਸ ਫਸਲ ਨੂੰ ਲੁਪਤ ਹੀ ਕਰ ਦਿੱਤਾ। ਅੱਜ ਕੱਲ ਮਾਲਵਾ ਖੇਤਰ ਚ ਵੀ ਰਸਾਇਣਕ ਖਾਦਾਂ ਅਤੇ ਨਕਲੀ ਦੋਗਲੇ ਬੀਜ ਇਸ ਫਸਲ ਦੀ ਹੋਂਦ ਨੂੰ ਵੱਡੀ ਢਾਹ ਲਾ ਰਹੇ ਹਨ।ਇਸ ਬਾੜੀ ਨੇ ਬਹੁਤ ਵਿਡਾ ਪੇਂਡੁ ਅਰਥਚਾਰਾ ਵਿਕਸਤ ਕੀਤਾ ਹੋਇਆ ਸੀ ਪਰ ਅੱਜ ਕੱਲ੍ਹ ਇਸ ਦੀ ਅਣਹੋਂਦ ਨੇ ਸਾਡੇ ਘਰਾਂ ਚੋਂ ਚਰਖੇ, ਤੱਕਲੇ, ਬੇਲਣੇ, ਟੇਰਨੇ, ਅੱਡੇ, ਹੱਥੀਆਂ, ਖੱਡੀਆਂ, ਦਰੀਆਂ, ਖੇਸ, ਵੜੇਵੇਂ ਅਤੇ ਤ੍ਰਿੰਝਣਾਂ ਦੇ ਨਾਲ ਨਾਲ ਸੁਆਣੀਆਂ ਅਤੇ ਤਰਖਾਣਾਂ ਦੇ ਹੁੰਨਰ ਤੇ ਰੁਜਗਾਰ ਨੂੰ ਢਾਹ ਲਾ ਦਿੱਤੀ।ਬਾੜੀ ਬਦੌਲਤ ਮਿਲੇ ਵੜੇਵਿਆਂ ਸਦਕਾ ਮੱਝਾਂ ਗਾਵਾਂ ਦੇ ਗਾੜ੍ਹੇ ਮਿੱਠੇ ਦੁੱਧ, ਮਲਾਈ, ਦਹੀਂ, ਲੱਸੀ, ਮੱਖਣ, ਘਿਓ, ਖੋਆ , ਪਿੰਨੀਆਂ, ਪੰਜੀਰੀ ਨੇ ਪੰਜਾਬੀਆਂ ਨੂੰ ਹਰ ਖੇਤਰ ਚ ਮੱਲਾਂ ਮਾਰਨ ਲਈ ਸਾਰੇ ਸੰਸਾਰ ‘ਚ ਪ੍ਰਸਿੱਧ ਕੀਤਾ। ਵੜੇਵੇਂ ਖਾਣੇ ਢੁੱਠਾਂ ਵਾਲੇ ਬਲਦ ਖੇਤੀ, ਢੋ-ਢੁਆਈ ਤੋ ਇਲਾਵਾ ਖੇਡ-ਦੌੜਾਂ ਵਿੱਚ ਵੀ ਜੌਹਰ ਦਿਖਾਉਂਦੇ ਰਹੇ।ਇਸੇ ਬਾੜੀ ਸਦਕਾ ਅੱਲ੍ਹੜ ਮੁਟਿਆਰਾਂ ਤ੍ਰਿੰਝਣਾ ਚ ਜੁੜ ਸੰਦੂਕ-ਭਰ ਆਪਣਾ ਦਹੇਜ ਤਿਆਰ ਕਰਨ ਦੇ ਨਾਲ ਨਾਲ ਕੱਤਦਿਆਂ, ਕੱਢਦਿਆਂ ਜਿੰਦਗੀ ਦੇ ਚੱਜ ਸਿੱਖ ਸੁਘੜਪੁਣੇ ਨਾਲ ਟਕਾਉ ਪਰਿਵਾਰ ਅਤੇ ਚੰਗਾ ਸਮਾਜ ਸਿਰਜਨ ਦੇ ਯੋਗ ਵੀ ਬਣ ਜਾਂਦੀਆਂ ਸਨ। ਚਰਖੇ ਬਿਨਾਂ ਦਹੇਜ਼ ਅਧੂਰਾ ਸੀ ਕਿਉਂਕਿ ਇਸ ਨਾਲ ਮੁਟਿਆਰ ਦੀਆਂ ਯਾਦਾਂ ਸੱਧਰਾਂ ਜੁੜੀਆਂ ਹੁੰਦੀਆਂ ਸਨ :ਬਾਬਲ ਮੇਰੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ, ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ। ਬਾੜੀ ਨੇ ਅਪਣੇ ਨਾਲ ਚਰਖਾ ਵੀ ਸਮੋ ਲਿਆ। “ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ ਤੰਦ ਕੱਤਾਂ ਕਿਵੇਂ।
”ਅਵਤਾਰ ਸਿੰਘ ਸੈਣੀ