ਸਮਰਾਲਾ – ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ‘ਪੰਜਾਬ ਬੰਦ’ ਦੌਰਾਨ ਸਾਰੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਅੰਦਰ ਇਸ ਦਾ ਮੁਕੰਮਲ ਤੌਰ ’ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰਾਂ ’ਚ ਸਮੁੱਚੇ ਬਾਜ਼ਾਰ ਅਤੇ ਹੋਰ ਕਾਰੋਬਾਰ ਬੰਦ ਨਜ਼ਰ ਆਏ ਅਤੇ ਸੜ੍ਹਕਾਂ ’ਤੇ ਵੀ ਸੰਨਾਟਾ ਛਾਇਆ ਹੋਇਆ ਹੈ। ਕਿਸਾਨਾਂ ਵੱਲੋਂ ਲੁਧਿਆਣਾ-ਚੰਡੀਗੜ੍ਹ ਮੇਨ ਨੈਸ਼ਨਲ ਹਾਈਵੇਅ ਸਵੇਰੇ 7 ਵਜੇ ਹੀ ਬੰਦ ਕਰ ਦਿੱਤਾ ਗਿਆ ਸੀ ਅਤੇ ਕਿਸਾਨ ਜੱਥੇਬੰਦੀਆਂ ਦੇ ਮੈਂਬਰ ਸਮਰਾਲਾ ਨੇੜੇ ਨੀਲੋਂ ਪੁਲ ’ਤੇ ਧਰਨੇ ’ਤੇ ਬੈਠੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਵੱਖ-ਵੱਖ ਕਿਸਾਨ ਜੱਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਏਕਤਾ ਜੱਥੇਬੰਦੀ ਦੇ ਅਨੇਕਾਂ ਆਗੂਆਂ ਵੱਲੋਂ ਇਸ ਧਰਨੇ ਦੀ ਅਗਵਾਈ ਕਰਦੇ ਹੋਏ ਮੰਗ ਕੀਤੀ ਜਾ ਰਹੀ ਹੈ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੁਰੰਤ ਕਿਸਾਨੀ ਮੰਗਾਂ ਮੰਨਣ ਦਾ ਐਲਾਨ ਕਰੇ।
ਇਨ੍ਹਾਂ ਕਿਸਾਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਇਹ ਬੰਦ ਸ਼ਾਮ 4 ਵਜੇ ਤੱਕ ਜਾਰੀ ਰਹੇਗਾ ਪਰ ਐਮਰਜੇਂਸੀ ਸੇਵਾਵਾਂ ’ਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ। ਜਿਹੜੇ ਲੋਕਾਂ ਨੂੰ ਐਮਰਜੇਂਸੀ ਕਿਧਰੇ ਜਾਣਾ ਪੈ ਰਿਹਾ ਹੈ, ਉਨ੍ਹਾਂ ਨੂੰ ਵੀ ਸਫ਼ਰ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ।
ਉਧਰ ਸਮਰਾਲਾ, ਮਾਛੀਵਾੜਾ ਸਾਹਿਬ, ਖੰਨਾ ਅਤੇ ਦੋਰਾਹਾ ਸਮੇਤ ਆਸ-ਪਾਸ ਦੇ ਹੋਰਨਾਂ ਸ਼ਹਿਰ ਅਤੇ ਕਸਬਿਆਂ ਅੰਦਰ ਬਜ਼ਾਰ ਪੂਰਨ ਤੌਰ ’ਤੇ ਬੰਦ ਪਏ ਹਨ। ਕੁੱਝ ਕਿਸਾਨ ਆਗੂਆਂ ਵੱਲੋਂ ਸਮਰਾਲਾ ਵਿਖੇ ਕਈ ਪ੍ਰਾਈਵੇਟ ਅਦਾਰਿਆਂ ਸਮੇਤ ਬੈਂਕਾਂ ਨੂੰ ਵੀ ਅਪੀਲ ਕਰਦੇ ਹੋਏ ਬੰਦ ਕਰਵਾ ਦਿੱਤਾ ਗਿਆ ਹੈ।