ਚੰਡੀਗੜ੍ਹ: ਪੰਜਾਬ ਦੇ ਮੋਸਟ ਵਾਂਟੇਡ ਅਪਰਾਧੀਆਂ ‘ਚੋਂ ਇਕ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਦਾ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਕੈਨੇਡੀਅਨ ਸਮੇਂ ਮੁਤਾਬਕ ਬੁੱਧਵਾਰ ਰਾਤ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ। ਹੁਣ ਇਸ ਮਾਮਲੇ ‘ਤੇ Winnipeg ਪੁਲਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਵਿਨੀਪੈੱਗ ਪੁਲਸ ਨੇ ਸੁਖਦੁਲ ਸਿੰਘ ਦੇ ਕਤਲ ਦੀ ਪੁਸ਼ਟੀ ਕਰ ਦਿੱਤੀ ਹੈ। ਪੁਲਸ ਨੇ ਉਕਤ ਘਟਨਾ ਦਾ ਹਵਾਲਾ ਦਿੰਦਿਆਂ ਬਿਆਨ ਜਾਰੀ ਕਰ ਕਿਹਾ ਕਿ ਮ੍ਰਿਤਕ ਦੀ ਪਛਾਣ ਸੁਖਦੁਲ ਸਿੰਘ ਗਿੱਲ (39) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਇਹ ਕੁਝ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਲੁੱਟ-ਖੋਹ ਸਮੇਤ ਘੱਟੋ-ਘੱਟ 18 ਮਾਮਲੇ ਦਰਜ ਹਨ। ਬੁੱਧਵਾਰ ਰਾਤ ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਜੂਨ ‘ਚ ਬ੍ਰਿਟਿਸ਼ ਕੋਲੰਬੀਆ ‘ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੁੱਨੇਕੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਕਲਾਂ ਦਾ ਰਹਿਣ ਵਾਲਾ ਸੀ ਅਤੇ ਦਸੰਬਰ 2017 ਵਿਚ ਕੈਨੇਡਾ ਭੱਜ ਗਿਆ ਸੀ। ਦੁੱਨੇਕੇ ਦਵਿੰਦਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਸੀ ਅਤੇ ਕੈਨੇਡਾ ‘ਚ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ, ਗੈਂਗਸਟਰ ਲੱਕੀ ਪਟਿਆਲ, ਮਲੇਸ਼ੀਅਨ ਗੈਂਗਸਟਰ ਜੈਕਪਾਲ ਸਿੰਘ ਉਰਫ ਲਾਲੀ ਅਤੇ ਹੋਰ ਅਪਰਾਧੀਆਂ ਦਾ ਨਜ਼ਦੀਕੀ ਸੀ। ਸੂਤਰਾਂ ਨੇ ਦੱਸਿਆ ਕਿ ਖ਼ੌਫ਼ਨਾਕ ਗੈਂਗਸਟਰ ਦੁੱਨੇਕੇ ਵਿਦੇਸ਼ੀ ਧਰਤੀ ਤੋਂ ਆਪਣਾ ਗੈਂਗ ਚਲਾ ਰਿਹਾ ਸੀ। ਉਹ ਇਕ ਫ਼ਿਰੌਤੀ ਦਾ ਰੈਕੇਟ ਚਲਾਉਣ, ਸਥਾਨਕ ਸਹਿਯੋਗੀਆਂ ਦੀ ਮਦਦ ਨਾਲ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਵਿਚ ਵਿਰੋਧੀ ਗਰੋਹ ਦੇ ਮੈਂਬਰਾਂ ਨੂੰ ਮਾਰਨ ਅਤੇ ਵਿਦੇਸ਼ਾਂ ਵਿਚ ਸਥਿਤ ਸਹਿਯੋਗੀਆਂ ਦੇ ਨੈੱਟਵਰਕ ਦਾ ਪ੍ਰਬੰਧਨ ਕਰਨ ਵਿਚ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦੁੱਨੇਕੇ ਤੋਂ ਫਿਰੌਤੀ ਦੀਆਂ ਕਾਲਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਸੀ।
ਸੰਦੀਪ ਨੰਗਲ ਅੰਬੀਆਂ ਤੇ ਹੋਰ ਕਤਲਾਂ ਵਿਚ ਆਇਆ ਸੀ ਨਾਂ
ਜਨਵਰੀ ਵਿਚ, ਦੁੱਨੇਕੇ ਦੇ ਦੋ ਸਾਥੀਆਂ – ਕੁਲਵਿੰਦਰ ਸਿੰਘ ਉਰਫ਼ ਕਿੰਦਾ ਅਤੇ ਪਰਮਜੀਤ ਸਿੰਘ ਪੰਮਾ ਨੂੰ ਕਾਊਂਟਰ-ਇੰਟੈਲੀਜੈਂਸ ਵਿੰਗ (ਬਠਿੰਡਾ) ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਸਨ। ਇਹ ਦੋਵੇਂ ਵਿਅਕਤੀ ਦੁੱਨੇਕੇ ਦੇ ਫਿਰੌਤੀ ਗਰੋਹ ਦਾ ਹਿੱਸਾ ਸਨ। ਸੂਤਰਾਂ ਨੇ ਦੱਸਿਆ ਕਿ ਦੁੱਨੇਕੇ ਦੇ ਪਿਤਾ ਦੀ 1990 ਵਿਚ ਮੌਤ ਹੋ ਗਈ ਸੀ ਅਤੇ ਉਸ ਨੂੰ ਤਰਸ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿਚ ਚਪੜਾਸੀ ਦੀ ਨੌਕਰੀ ਮਿਲੀ ਸੀ। ਦੁੱਨੇਕੇ ਨੇ 8 ਸਾਲ ਤਕ ਨੌਕਰੀ ਕੀਤੀ ਸੀ ਅਤੇ ਇਸ ਦੌਰਾਨ ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਉਸ ਦੇ ਖ਼ਿਲਾਫ਼ 2022 ਵਿਚ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਦਾ ਨਾਂ ਪਿਛਲੇ ਸਾਲ ਮਾਰਚ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿਚ ਵੀ ਆਇਆ ਸੀ। ਉਸ ‘ਤੇ ਕਤਲ ਕਰਨ ਲਈ ਸ਼ੂਟਰ ਦੀ ਵਿਵਸਥਾ ਕਰਨ ਦਾ ਦੋਸ਼ ਸੀ। ਦੁੱਨੇਕੇ ਦਾ ਨਾਂ ਜਨਵਰੀ 2022 ਵਿਚ ਬੰਬੀਹਾ ਗੈਂਗ ਦੇ ਸ਼ੂਟਰਾਂ ਵੱਲੋਂ ਵਿਰੋਧੀ ਗੈਂਗ ਦੇ ਦੋ ਮੈਂਬਰਾਂ ਮਨਪ੍ਰੀਤ ਸਿੰਘ ਅਤੇ ਵਿੱਕੀ ਸਿੰਘ ਦੇ ਕਤਲ ਦੇ ਮਾਮਲੇ ਵਿਚ ਵੀ ਸਾਹਮਣੇ ਆਇਆ ਸੀ।