ਨੌਜਵਾਨ ਆਗੂ ਅਤੇ ਕਾਰਕੁਨ ਲੱਖਾ ਸਿਧਾਣਾ ਨੇ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਨੂੰ ਚੁਣੌਤੀ ਦਿੱਤੀ, ਕੌਮੀਅਤਾਂ ਅਤੇ ਸੰਘੀ ਢਾਂਚੇ ‘ਤੇ ਪੈਣ ਵਾਲੇ ਮਾੜੇ ਅਸਰਾਂ ਬਾਰੇ ਚਿੰਤਾ ਜ਼ਾਹਰ ਕੀਤੀ।
ਚੰਡੀਗੜ: ਨੌਜਵਾਨ ਆਗੂ ਅਤੇ ਮਾਂ-ਬੋਲੀ ਪੰਜਾਬੀ ਦੇ ਕਾਰਕੁਨ ਲੱਖਾ ਸਿਧਾਣਾ ਨੇ ਅੱਜ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਨਾਲ ਭਾਰਤ ਵਿਚਲੀਆਂ ਵਿਲੱਖਣ ਕੌਮਾ, ਸੱਭਿਆਚਾਰਾਂ ਅਤੇ ਬੋਲੀਆਂ ਉੱਤੇ ਪੈਣ ਵਾਲੇ ਮਾੜੇ ਅਸਰਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੀਤੀ ਦੀ ਕਰੜੀ ਨਿੰਦਾ ਕੀਤੀ। ਲੱਖਾ ਸਿਧਾਣਾ ਨੇ ਪੱਤਰਕਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਨਾਲ ਵੱਖ-ਵੱਖ ਕੌਮਾਂ ਤੇ ਕੌਮੀਅਤਾਂ ਵਾਲੇ ਇਸ ਖਿੱਤੇ ਦੀ ਵੰਨਸੁਵੰਨਤਾ, ਸੱਭਿਆਚਾਰ ਤੇ ਭਾਖਾਈ ਅਮੀਚੀ ਖਤਰੇ ਵਿਚ ਪੈ ਜਾਵੇਗੀ। ਉਹਨਾਂ ਇਸ ਨੀਤੀ ਨੂੰ ਪੰਜਾਬ ਵਾਸਤੇ ਖਾਸ ਤੌਰ ਉੱਤੇ ਘਾਤਕ ਦੱਸਿਆ ਤੇ ਕਿਹਾ ਕਿ ਇਸ ਨਾਲ ਮਾਂ-ਬੋਲੀ ਪੰਜਾਬੀ ਨੂੰ ਪਹਿਲਾਂ ਤੋਂ ਹੀ ਮਾੜੀਆਂ ਸਰਕਾਰੀ ਨੀਤੀਆਂ ਕਾਰਨ ਪੇਸ਼ ਆ ਰਹੀਆਂ ਚੁਣੌਤੀਆਂ ਹੋ ਵਧ ਜਾਣਗੀਆਂ।
ਲੱਖਾ ਸਿਧਾਣਾ ਨੇ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਦਾ ਭਾਰਤ ਦੇ ਸੰਘੀ ਢਾਂਚੇ ਉੱਤੇ ਵੀ ਮਾੜਾ ਅਸਰ ਪਵੇਗਾ। ਲੱਖੇ ਨੇ ਸਰਕਾਰ ਨੂੰ ਕਿਹਾ ਕਿ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਸੰਬੰਧਤ ਧਿਰਾਂ ਨਾਲ ਲੰਮਾ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਿਚਾਰ-ਚਰਚਾ ਵਿਚ ਵੱਖ-ਵੱਖ ਖਿੱਤਿਆਂ, ਸੱਭਿਆਚਾਰਾਂ, ਭਾਸ਼ਾਵਾਂ ਤੋਂ ਕੌਮੀਅਤਾਂ ਦੇ ਨੁਮਾਇੰਦੇ ਅਤੇ ਮਾਹਿਰ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਇਕ ਸਮਾਜਿਕ ਰਾਜਸੀ ਕਾਰਕੁੰਨ ਹੈ ਜਿਸ ਵੱਲੋਂ ਪੰਜਾਬ ਅਤੇ ਖਾਸ ਕਰਕੇ ਮਾਂ-ਬੋਲੀ ਪੰਜਾਬੀ ਨਾਲ ਸੰਬੰਧਤ ਮਸਲੇ ਸਮੇਂ-ਸਮੇਂ ਸਿਰ ਚੁੱਕੇ ਜਾਂਦੇ ਹਨ।