ਮੁੱਲਾਂਪੁਰ ਦਾਖਾ : ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਕਈ ਥਾਈਂ ਗੜ੍ਹੇਮਾਰੀ ਹੋਈ ਹੈ। ਬੀਤੀ ਦੇਰ ਰਾਤ ਤੋਂ ਪੈ ਰਹੀ ਬਾਰਿਸ਼ ਨਾਲ ਮੁੱਲਾਂਪੁਰ ਦਾਖਾ ਦੇ ਪਿੰਡ ਸਵੱਦੀ ਕਲਾਂ ਆਦਿ ਪਿੰਡਾਂ ਵਿਚ ਗੜ੍ਹੇਮਾਰੀ ਹੋ ਰਹੀ ਹੈ ਜਿਸ ਕਾਰਨ ਕਿਸਾਨ ਬਾਗੋਬਾਗ ਹਨ ਕਿਉਂਕਿ ਗੜ੍ਹੇਮਾਰੀ ਕਾਰਨ ਭਾਰੀ ਠੰਡ ਦੇ ਨਾਲ ਕੋਰਾ ਵੀ ਪਵੇਗਾ ਜੋ ਕਿ ਫਸਲਾਂ ਲਈ ਬੇਹੱਦ ਲਾਹੇਵੰਦ ਹੋਵੇਗਾ ਅਤੇ ਕਣਕ ਦਾ ਝਾੜ ਵਧੇਗਾ ਉਥੇ ਤਪਸ਼ ਕਾਰਨ ਆਲੂਆਂ ਦੀ ਫ਼ਸਲ ਖਰਾਬ ਹੋਣਤੋਂ ਬਚੇਗੀ ।
ਕੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ
ਦੂਜੇ ਪਾਸੇ ਮੌਸਮ ਵਿਭਾਗ ਨੇ 27 ਦਸੰਬਰ ਮਤਲਬ ਕਿ ਅੱਜ ਲਈ ਸੂਬੇ ਦੇ 21 ਜ਼ਿਲ੍ਹਿਆਂ ‘ਚ ਹਨ੍ਹੇਰੀ, ਬਿਜਲੀ ਚਮਕਣ ਅਤੇ ਤੂਫ਼ਾਨ ਨਾਲ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਜਦੋਂ ਕਿ 28 ਦਸੰਬਰ ਨੂੰ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਪੇਸ਼ੀਨਗੋਈ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਗੜ੍ਹੇ ਪੈਣ ਦੀ ਵੀ ਸੰਭਾਵਨਾ ਹੈ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਅਲਰਟ
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮਾਲੇਰਕੋਟਲਾ ‘ਚ ਅੱਜ ਮੀਂਹ, ਹਨ੍ਹੇਰੀ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਸੂਬੇ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ 27 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਹਲਕੇ ਤੋਂ ਮੱਧਮ ਮੀਂਹ ਪੈ ਸਕਦਾ ਹੈ।