ਭਾਰਤੀ ਕ੍ਰਿਕਟ ਟੀਮ ‘ਚ ਸੋਗ ਦੀ ਲਹਿਰ, ਖਿਡਾਰੀਆਂ ਨੇ ਦਿੱਤੀ ਸਾਬਕਾ PM ਮਨਮੋਹਨ ਸਿੰਘ ਨੂੰ ਅਨੌਖੀ ਸ਼ਰਧਾਂਜਲੀ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਮੁੱਖ ਅਰਥ ਸ਼ਾਸਤਰੀ, ਡਾ. ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਨਵੀਂ ਦਿੱਲੀ ਵਿਖੇ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ‘ਤੇ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ।

ਭਾਰਤੀ ਕ੍ਰਿਕਟ ਟੀਮ ਨੇ ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਵਜੋਂ ਆਸਟ੍ਰੇਲੀਆ ਦੇ ਖਿਲਾਫ ਮੈਲਬੋਰਨ ਟੈਸਟ ਮੈਚ ਦੇ ਦੂਜੇ ਦਿਨ ਬਾਂਹਾਂ ‘ਤੇ ਕਾਲੀ ਪੱਟੀ ਬੰਨ੍ਹ ਕੇ ਖੇਡਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤੀ ਟੀਮ ਡਾ. ਮਨਮੋਹਨ ਸਿੰਘ ਦੇ ਸਨਮਾਨ ਵਜੋਂ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡ ਰਹੀ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।”

2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਡਾ. ਸਿੰਘ ਨੂੰ 1991 ਵਿੱਚ ਭਾਰਤ ਦੇ ਆਰਥਿਕ ਸੁਧਾਰਾਂ ਦੇ ਮੁੱਖ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ ਨੇ ਆਰਥਿਕ ਸੰਕਟ ਵਿੱਚੋਂ ਉਭਰ ਕੇ ਆਰਥਿਕ ਉਦਾਰੀਕਰਨ ਵੱਲ ਕਦਮ ਪੁੱਟੇ, ਜਿਸ ਨੂੰ ਅੱਜ ਭਾਰਤ ਦੀ ਤਰੱਕੀ ਦੀ ਨੀਂਹ ਮੰਨਿਆ ਜਾਂਦਾ ਹੈ।

ਦੂਜੇ ਪਾਸੇ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) ‘ਤੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ‘ਚ ਆਸਟ੍ਰੇਲੀਆ ਨੇ 6 ਵਿਕਟਾਂ ‘ਤੇ 311 ਦੌੜਾਂ ਨਾਲ ਦੂਜੇ ਦਿਨ ਦੀ ਖੇਡ ਸ਼ੁਰੂ ਕੀਤੀ।

Leave a Reply

Your email address will not be published. Required fields are marked *