ਭਾਰਤ ਨੂੰ ਨਵੀਂ ਤਕਨਾਲੋਜੀ ਲਈ ਫੋਕੇ ਸ਼ਬਦਾਂ ਦੀ ਨਹੀਂ ਸਪਸ਼ਟ ਦ੍ਰਿਸ਼ਟੀਕੋਣ ਦੀ ਲੋੜ: ਰਾਹੁਲ ਗਾਂਧੀ

ਨਵੀਂ ਦਿੱਲੀ, ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਕੋਲ ਭਾਵੇਂ ਪ੍ਰਤਿਭਾ ਹੈ, ਪਰ ਇਸ ਨੂੰ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਨਵੀਂ ਤਕਨਾਲੋਜੀ ਵਿੱਚ ਉਦਯੋਗਿਕ ਮੁਹਾਰਤ ਪੈਦਾ ਕਰਨ ਲਈ, ਫੋਕੇ ਸ਼ਬਦਾਂ ਦੀ ਨਹੀਂ, ਬਲਕਿ ਮਜ਼ਬੂਤ ​​ਉਤਪਾਦਨ ਅਧਾਰ ਦੀ ਲੋੜ ਹੈ।ਗਾਂਧੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਚੀਨ ਨੇ ਡਰੋਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਕੁੱਲ ਆਲਮ ਵਿਚ ਜੰਗ ’ਚ ਇਨਕਲਾਬ ਲਿਆ ਰਹੇ ਹਨ।

ਗਾਂਧੀ ਨੇ ਕਿਹਾ ਕਿ ਭਾਰਤ ਨੂੰ ਇਸ ਖੇਤਰ ਵਿੱਚ ਕੰਪੀਟੀਟਰ ਬਣਨ ਲਈ ਇੱਕ ਰਣਨੀਤੀ ਵਿਕਸਤ ਕਰਨ ਦੀ ਲੋੜ ਹੈ। ਕਾਂਗਰਸ ਆਗੂ ਨੇ ਕਿਹਾ, ‘‘ਡਰੋਨਾਂ ਨੇ ਜੰਗ ਵਿੱਚ ਇਨਕਲਾਬ ਲਿਆਂਦਾ ਹੈ, ਬੈਟਰੀਆਂ, ਮੋਟਰਾਂ ਅਤੇ ਆਪਟਿਕਸ ਨੂੰ ਜੋੜ ਕੇ ਜੰਗ ਦੇ ਮੈਦਾਨ ਵਿੱਚ ਬੇਮਿਸਾਲ ਤਰੀਕਿਆਂ ਨਾਲ ਸੰਚਾਰ ਕੀਤਾ ਹੈ। ਪਰ ਡਰੋਨ ਸਿਰਫ਼ ਇੱਕ ਤਕਨਾਲੋਜੀ ਨਹੀਂ ਹਨ – ਇਹ ਇੱਕ ਮਜ਼ਬੂਤ ​​ਉਦਯੋਗਿਕ ਪ੍ਰਣਾਲੀ ਦੁਆਰਾ ਪੈਦਾ ਕੀਤੇ ਗਏ ਹੇਠਲੇ ਪੱਧਰ ਦੀਆਂ ਨਵੀਨਤਾਵਾਂ ਹਨ।’’ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਬਦਕਿਸਮਤੀ ਨਾਲ, ਪ੍ਰਧਾਨ ਮੰਤਰੀ ਮੋਦੀ ਇਸ ਨੂੰ ਸਮਝਣ ਵਿੱਚ ਅਸਫਲ ਰਹੇ ਹਨ।

ਜਦੋਂ ਕਿ ਉਹ ਏਆਈ ’ਤੇ ’ਟੈਲੀਪ੍ਰੋਂਪਟਰ’ ਭਾਸ਼ਣ ਦਿੰਦੇ ਹਨ, ਸਾਡੇ ਰਵਾਇਤੀ ਕੰਪੀਟੀਟਰ ਨਵੀਆਂ ਤਕਨਾਲੋਜੀਆਂ ਵਿੱਚ ਮੁਹਾਰਤ ਹਾਸਲ ਕਰ ਰਹੇ ਹਨ। ਭਾਰਤ ਨੂੰ ਫੋਕੇ ਸ਼ਬਦਾਂ ਦੀ ਨਹੀਂ, ਇੱਕ ਮਜ਼ਬੂਤ ​​ਉਤਪਾਦਨ ਅਧਾਰ ਦੀ ਲੋੜ ਹੈ।’’ ਗਾਂਧੀ ਨੇ ਅੱਗੇ ਕਿਹਾ, ‘‘ਭਾਰਤ ਕੋਲ ਬਹੁਤ ਪ੍ਰਤਿਭਾ, ਪੈਮਾਨਾ ਅਤੇ ਤਾਕਤ ਹੈ। ਸਾਡੇ ਕੋਲ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ ਅਤੇ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਭਾਰਤ ਨੂੰ ਭਵਿੱਖ ਵਿੱਚ ਲੈ ਜਾਣ ਲਈ ਅਸਲ ਉਦਯੋਗਿਕ ਹੁਨਰ ਪੈਦਾ ਕਰਨਾ ਚਾਹੀਦਾ ਹੈ।’’ ਕਾਂਗਰਸ ਆਗੂ ਨੇ ਪੋਸਟ ਨਾਲ ਡਰੋਨ ਤਕਨਾਲੋਜੀ ਬਾਰੇ ਨੌਂ ਮਿੰਟ ਦਾ ਇੱਕ ਵੀਡੀਓ ਵੀ ਟੈਗ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਕੋਲ ਭਵਿੱਖ ਲਈ ਅਜਿਹੀ ਤਕਨਾਲੋਜੀ ਵਿਕਸਤ ਕਰਨ ਦੀ ਪ੍ਰਤਿਭਾ ਅਤੇ ਇੰਜੀਨੀਅਰਿੰਗ ਹੁਨਰ ਹਨ।

Leave a Reply

Your email address will not be published. Required fields are marked *