Video: ਸ਼ੰਭੂ ਬਾਰਡਰ: ਪੁਲੀਸ ਵੱਲੋਂ ਪਾਣੀ ਦੀਆਂ ਬੁਛਾੜਾਂ; ਅੱਥਰੂ ਗੈਸ ਛੱਡੀ; 15 ਕਿਸਾਨ ਜ਼ਖ਼ਮੀ; ਇਕ ਕਿਸਾਨ ਦੇ ਗੋਲੀ ਵੱਜੀ

ਸ਼ੰਭੂ/ਅੰਬਾਲਾ,ਸ਼ੰਭੂ ਬਾਰਡਰ ਤੋਂ ਮਰਜੀਵੜਿਆਂ ਦੇ ਰੂਪ ਵਿੱਚ 101 ਕਿਸਾਨਾਂ ਦਾ ਤੀਜਾ ਜਥਾ ਦਿੱਲੀ ਵੱਲ ਰਵਾਨਾ ਹੋਇਆ। ਸ਼ੰਭੂ ਬਾਰਡਰ ’ਤੇ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ। ਕਿਸਾਨਾਂ ਨੇ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲੀਸ ਨੇ ਸਖਤੀ ਕੀਤੀ। ਕਿਸਾਨ ਮਾਰਚ ਕਰਨ ਲਈ ਅੜੇ ਹੋਏ ਹਨ ਪਰ ਹਰਿਆਣਾ ਦੇ ਪੁਲੀਸ ਅਧਿਕਾਰੀ ਕਿਸਾਨਾਂ ਨੂੰ ਵਾਪਸ ਜਾਣ ਲਈ ਕਹਿ ਰਹੇ ਹਨ। ਇਸ ਮੌਕੇ ਪੁਲੀਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਿਸ ਕਾਰਨ 15 ਕਿਸਾਨ ਜ਼ਖ਼ਮੀ ਹੋ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਕ ਕਿਸਾਨ ਦੇ ਰਬੜ ਦੀ ਗੋਲੀ ਵੱਜੀ ਹੈ। ਕਿਸਾਨ ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਅੰਬਾਲਾ ਪੁਲੀਸ ਵੱਲੋਂ ਇੱਕ ਕਿਸਾਨ ਦੇ ਸਿੱਧੀ ਗੋਲੀ ਮਾਰਨ ਦਾ ਦੋਸ਼ ਲਾਇਆ ਹੈ।

ਇੱਕ ਕਿਸਾਨ ਆਗੂ ਨੇ ਬੈਰੀਕੇਡਾਂ ਰਾਹੀਂ ਪੁਲੀਸ ਨਾਲ ਗੱਲ ਕਰਦਿਆਂ ਕਿਹਾ, ‘ਐਸਪੀ ਸਾਹਿਬ, ਅਸੀਂ ਸ਼ਾਂਤੀਪੂਰਵਕ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਧਰਨੇ ਨੂੰ ਨਾ ਰੋਕੋ, ਕਿਰਪਾ ਕਰਕੇ ਸਾਨੂੰ ਸੜਕ ’ਤੇ ਲਾਂਘਾ ਦਿਓ, ਸਾਨੂੰ ਅੱਗੇ ਵਧਣ ਦਿੱਤਾ ਜਾਵੇ। ਸਾਡੀ ਆਵਾਜ਼ ਨੂੰ ਇਨ੍ਹਾਂ ਲੋਹੇ ਅਤੇ ਪੱਥਰ ਦੀਆਂ ਰੁਕਾਵਟਾਂ ਨਾਲ ਦਬਾਇਆ ਨਹੀਂ ਜਾਣਾ ਚਾਹੀਦਾ।’ ਉਨ੍ਹਾਂ ਕਿਹਾ ਕਿ ਦੇਸ਼ ਵਿੱਚ 50 ਫੀਸਦੀ ਲੋਕ ਖੇਤੀ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।

ਇਸ ਤੋਂ ਪਹਿਲਾਂ ਹਰਿਆਣਾ ਪੁਲੀਸ ਨੇ ਕਿਸਾਨਾਂ ਦਾ ਤੀਜਾ ਜਥਾ ਵੀ ਰੋਕ ਲਿਆ ਹੈ ਪਰ ਕਿਸਾਨਾਂ ਦੇ ਨਾ ਰੁਕਣ ’ਤੇ ਹਰਿਆਣਾ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਐਸਪੀ ਅੰਬਾਲਾ ਨੇ ਕਿਸਾਨ ਆਗੂ ਦੇ ਤਰਕਾਂ ਨੂੰ ਦਰਕਿਨਾਰ ਕਰਦਿਆਂ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਅਤੇ 24 ਜੁਲਾਈ ਦੇ ਬਾਰਡਰ ’ਤੇ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਹਾਈ ਪਾਵਰ ਕਮੇਟੀ ਦੀ ਮੀਟਿੰਗ 3-4 ਦਿਨਾਂ ਵਿਚ ਹੋਵੇਗੀ। ਅਗਲੀ ਸੁਣਵਾਈ 18 ਤਰੀਖ਼ ਰੱਖੀ ਗਈ ਹੈ। ਐਸਪੀ ਅੰਬਾਲਾ ਸੁਰਿੰਦਰ ਸਿੰਘ ਭੋਰੀਆ ਨੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਬੈਠਣ ਦੀ ਅਪੀਲ ਕਰਦਿਆਂ ਕਿਹਾ ‌ਕਿ ਜਦੋਂ ਉਨ੍ਹਾਂ ਨੂੰ ਦਿੱਲੀ ਜਾਣ ਦੀ ਮਨਜ਼ੂਰੀ ਮਿਲੇਗੀ ਉਹ ਆਪ ਦਿੱਲੀ ਛੱਡ ਕੇ ਆਉਣਗੇ।

Leave a Reply

Your email address will not be published. Required fields are marked *