ਮੋਗਾ : ਧਰਮਕੋਟ ਵਿਚ ਉਸ ਵੇਲੇ ਸਥਿਤੀ ਤਨਾਣਪੂਰਨ ਹੋ ਗਈ ਜਦੋਂ ਨਗਰ ਕੌਂਸਲ ਦੀਆਂ ਵੋਟਾਂ ਦੇ ਫਾਰਮ ਭਰਨ ਨੂੰ ਲੈ ਕੇ ਕਾਂਗਰਸ ਦੇ ਵਰਕਰਾਂ ਅਤੇ ਪੁਲਸ ਵਿਚਾਲੇ ਤਲਖੀ ਹੋ ਗਈ। ਕਾਂਗਰਸੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਫਾਰਮ ਭਰਨ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਕੀਤੀ ਗਈ ਕੋਸ਼ਿਸ਼ ਨੂੰ ਪੁਲਸ ਵੱਲੋਂ ਰੋਕਿਆ ਗਿਆ। ਇਸ ਮੌਕੇ ਕਾਫੀ ਗਰਮਾ-ਗਰਮੀ ਵਾਲਾ ਮਾਹੌਲ ਬਣਿਆ ਰਿਹਾ।
ਇਸ ਦੌਰਾਨ ਕਾਂਗਰਸੀਆਂ ਵਲੋਂ ਪੰਜਾਬ ਸਰਕਾਰ ਅਤੇ ਧਰਮਕੋਟ ਦੇ ਵਿਧਾਇਕ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਵੀ ਮੌਕੇ ‘ਤੇ ਮੌਜੂਦ ਰਹੇ। ਉਥੇ ਹੀ ਦੂਸਰੀ ਧਿਰ ਵੱਲੋਂ ਵੀ ਸੁਖਜੀਤ ਸਿੰਘ ਕਾਕਾ ਲੋਹਗੜ ਖ਼ਿਲਾਫ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਲਸ ਵੱਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।