ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਕੱਤਰੇਤ ਤੱਕ ਪਹੁੰਚੇ ਆਦੇਸ਼ ਗਏ ਬਦਲ, ਸਾਬਕਾ ਜਥੇਦਾਰ ਦੇ ਸਪਸ਼ਟੀਕਰਨ ਸਕੱਤਰੇਤ ਨੇ ਨਹੀਂ ਕੀਤੇ ਜਨਤਕ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਿਕ ਆਡਿਟ ਬ੍ਰਾਂਚ ਵੱਲੋਂ ਲੇਖੇ ਦਾ ਮਿਲਾਨ ਕਰਕੇ ਦਿੱਤੇ ਹੋਏ ਇਸ਼ਤਿਹਾਰਾਂ ਦੇ ਬਿੱਲਾਂ ਦੀ ਭੁਗਤਾਨ ਵਾਲੀ ਸੂਚੀ ਤਿਆਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕੁਲ ਰਕਮ ਉਪਰ ਕਿਨਾਂ ਵਿਆਜ ਜੋੜਿਆਂ ਜਾਵੇ, ਇਸ ਸਬੰਧੀ ਜਥੇਦਾਰ ਪਾਸੋਂ ਆਗਿਆ ਮੰਗੀ ਹੈ। ਜਥੇਦਾਰ ਦਾ ਆਦੇਸ਼ ਮਿਲਦਿਆ ਹੀ ਰਕਮ ਦਾ ਕੁਲ ਜੋੜ ਸਬੰਧਤਾਂ ਨੂੰ ਭੁਗਤਾਨ ਕਰਨ ਲਈ ਦੱਸ ਦਿੱਤਾ ਜਾਵੇਗਾ। ਦਸਣਯੋਗ ਹੈ ਕਿ ਡੇਰਾ ਸਿਰਸਾ ਮੁੱਖੀ ਦੀ ਮੁਆਫੀ ਸਬੰਧੀ ਦਿੱਤੇ ਇਸ਼ਤਿਹਾਰਾਂ ਦੇ ਮਾਮਲੇ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਕੀਤਾ ਸੀ ਕਿ ਮੁਆਫੀ ਨੂੰ ਸਹੀ ਠਹਿਰਾਉਣ ਲਈ ਦਿੱਤੇ ਇਸ਼ਤਿਹਾਰਾਂ ਦੀ ਰਕਮ ਵਿਆਜ ਸਮੇਤ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਣੀਕੇ ਅਤੇ ਦਲਜੀਤ ਸਿੰਘ ਚੀਮਾ ਪਾਸੋਂ ਭਰਪਾਈ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਮਾਂ ਕਰਵਾਈ ਜਾਵੇ। 2015 ਨੂੰ ਦਿੱਤੇ ਇਸ਼ਤਿਹਾਰਾਂ ਦੀ ਕਰਮ ਵਿਆਜ ਸਮੇਤ ਸ਼੍ਰੋਮਣੀ ਕਮੇਟੀ ਦੀ ਅਕਾਊਂਟ ਬ੍ਰਾਂਚ ਨੂੰ ਜਾਰੀ ਕਰਨ ਦੇ ਆਦੇਸ਼ ਸਨ। ਸਤੂਰਾਂ ਮੁਤਾਬਿਕ ਇਸ ਰਕਮ ਨੂੰ ਆਡਿਟ ਬ੍ਰਾਂਚ ਵੱਲੋਂ ਘੋਖਿਆ ਜਾ ਰਿਹਾ ਹੈ। ਉਸ ਸਮੇਂ ਤਕਰੀਬਨ 82 ਲੱਖ ਰੁਪਏ ਇਸ਼ਤਿਹਾਰਾਂ ‘ਤੇ ਖਰਚ ਕੀਤੇ ਗਏ ਹਨ। ਜਿਸ ਨੂੰ ਐੱਫਡੀਆਰ ਦੇ ਵਿਆਜ ਨਾਲ 1 ਕਰੋੜ 160 ਲੱਖ ਦੇ ਕਰੀਬ ਵਸੂਲਣ ਲਈ ਖਾਕਾ ਤਿਆਰ ਕੀਤਾ ਹੈ। ਸ਼੍ਰੋਮਣੀ ਕਮੇਟੀ ਦੋ ਤਰਾਂ ਦਾ ਵਿਆਜ ਵਸੂਲਦੀ ਹੈ, ਇਕ ਵਿਆਜ ਐੱਫਡੀਆਰ ਤਕਰੀਬਨ 7.5 ਪ੍ਰਤੀਸ਼ਤ ਅਤੇ ਦੂਸਰਾ ਬਚਤ ਖਾਤੇ ਦਾ ਵਿਆਜ ਜੋ 4 ਪ੍ਰਤੀਸ਼ਤ ਦੇ ਕਰੀਬ ਹੁੰਦਾ ਹੈ। ਕਿਹੜਾ ਵਿਆਜ ਵਸੂਲਿਆ ਜਾਵੇ ਉਸ ਲਈ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਪਾਸੋਂ ਆਗਿਆ ਮੰਗੀ ਹੈ। ਤਨਖਾਹ ਰੂਪੀ ਸੇਵਾ ਮੁਕੰਮਲ ਕਰਨ ਲਈ ਉਪਰੋਕਤਾਂ ਨੂੰ ਇਹ ਰਕਮ ਜਮਾਂ ਕਰਵਾ ਕੇ ਇਸ ਦੀ ਰਸੀਦ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ ਜਮਾਂ ਕਰਵਾਉਂਣੀ ਜਰੂਰੀ ਹੈ। ਦਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਫੈਂਸਲੇ ਨੂੰ ਹੁਕਮ ਮੰਨ ਕੇ ਸੰਸਾਰ ਭਰ ‘ਚ ਬੈਠੇ ਸਿੱਖ ਗੁਰੂ ਦਾ ਹੁਕਮ ਮੰਨ ਕੇ ਖਿੜੇ ਮੱਥੇ ਪ੍ਰਵਾਨ ਕਰਦਾ ਹੈ।

ਸਿੱਖਾਂ ਦੀ ਧਾਰਮਿਕ ਸੁਪਰੀਮ ਅਦਾਲਤ ਵੱਲੋਂ ਹੋਣ ਵਾਲੇ ਆਦੇਸ਼, ਸੰਦੇਸ਼ ਤੇ ਹੁਕਮਨਾਮੇ ਇਤਿਹਾਸ ਵਿਚ ਦਰਜ਼ ਹੁੰਦੇ ਹਨ। ਕਹਿ ਸਕਦੇ ਹਾਂ ਕਿ ਚੰਗੇ ਕਾਰਜ ਸੁਨਹਿਰੀ ਅਤੇ ਮਾੜੇ ਕੰਮ ਕਾਲੇ ਅੱਖਰਾਂ ਵਿਚ ਅੰਕਿਤ ਹੋ ਜਾਂਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਆਦੇਸ਼ ਵੀ ਇਤਿਹਾਸ ਵਿਚ ਦਰਜ ਹੋ ਚੁੱਕੇ ਹਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਚੰਗਾਂ ਕੰਮਾਂ ਲਈ ਦਿੱਤਾ ‘ਫਕਰ ਏ ਕੌਮ’ ਦਾ ਖਿਤਾਬ ਮਾੜੇ ਕੰਮਾਂ ਕਾਰਨ ਵਾਪਸ ਲੈ ਲਿਆ, ਜਿਸ ਵਿਚ ‘ਪੰਥ ਰਤਨ’ ਦਾ ਜ਼ਿਕਰ ਨਹੀਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਤੇ ਕਰਾਰ ਦੇਣ ਤੋਂ ਬਾਅਦ ਗੁਨਾਹ ਕਬੂਲਣ ਤੇ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਧਾਰਮਿਕ ਸਜਾਵਾਂ ਲਗਾਈਆਂ ਗਈਆਂ। ਫਸੀਲ ਹੋਇਆ ਹਰ ਹੁਕਮ ਪੱਥਰ ‘ਤੇ ਲਕੀਰ ਵਾਂਗ ਹੁੰਦਾ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਪੰਜ ਸਿੰਘ ਸਾਹਿਬਾਨ ਨੇ ਫਸੀਲ ਤੋਂ ਆਦੇਸ਼ ਜਾਰੀ ਕੀਤੇ, ਉਨ੍ਹਾਂ ਨੇ ਹੀ ਸਕੱਤਰੇਤ ਤੋਂ ਇਨ੍ਹਾਂ ਆਦੇਸ਼ਾਂ ਵਿਚ ਜਾਰੀ ਪੱਤਰਾਂ ਦੋਰਾਨ ਹੋਏ ਹੇਰ-ਫੇਰ ਨੂੰ ਪ੍ਰਵਾਨ ਕਰ ਲਿਆ। ਸੇਵਾ ਪੂਰੀ ਹੋਣ ‘ਤੇ 11 ਹਜ਼ਾਰ ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਂਣ ਤੇ 11 ਹਜਾਰ ਰੁਪਏ ਗੁਰੂ ਕੀ ਗੋਲਕ ਵਿੱਚ ਸੇਵਾ ਪਾਉਂਣ ਦਾ ਜਿਕਰ ਕਿਸੇ ਵੀ ਪੱਤਰ ਵਿਚ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *