ਚੰਡੀਗੜ੍ਹ : ਪੰਜਾਬ ‘ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੱਜ ਆਮ ਆਦਮੀ ਪਾਰਟੀ ਵਲੋਂ ਵੀ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਮੁਤਾਬਕ 784 ਟਿਕਟਾਂ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ‘ਚ ਲੁਧਿਆਣਾ ਤੋਂ 94, ਪਟਿਆਲਾ ਤੋਂ 56 ਅਤੇ ਅੰਮ੍ਰਿਤਸਰ ਤੋਂ 74 ਵਾਰਡਾਂ ‘ਤੇ ਟਿਕਟਾਂ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ‘ਚੋਂ 175 ਦੇ ਕਰੀਬ ਟਿਕਟਾਂ ਰਹਿ ਗਈਆਂ ਹਨ, ਜਿਨ੍ਹਾਂ ਬਾਰੇ ਅੱਜ ਸ਼ਾਮ ਤੱਕ ਐਲਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਸੀ ਕਿ ਕੋਈ ਵੀ ਯੋਗ ਉਮੀਦਵਾਰ ਪਿੱਛੇ ਨਾ ਰਹਿ ਜਾਵੇ। ਅਮਨ ਅਰੋੜਾ ਨੇ ਆਸ ਪ੍ਰਗਟਾਈ ਕਿ ਬਾਕੀ ਚੋਣਾਂ ਦੀ ਤਰ੍ਹਾਂ ਇਨ੍ਹਾਂ ਚੋਣਾਂ ‘ਚ ਵੀ ਲੋਕ ਆਮ ਆਦਮੀ ਪਾਰਟੀ ਨੂੰ ਵੱਡੇ ਫ਼ਤਵੇ ਨਾਲ ਜਿਤਾਉਣਗੇ।