ਚੰਡੀਗੜ੍ਹ, ਪੰਜਾਬ ਦੇ ਮਸ਼ਹੂਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਪੰਜਾਬ ਪੁਲੀਸ ਨੇ ਕਥਿਤ ਜਬਰ ਜਨਾਹ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਇੱਕ ਦਹਾਕੇ ਤੋਂ ਵੱਧ ਪੁਰਾਣਾ ਹੈ ਅਤੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਪਰ ਹਾਲ ਹੀ ਵਿਚ ਇਸ ਸਬੰਧੀ ਪਟਿਆਲਾ ਪੁਲੀਸ ਵੱਲੋਂ ਐੱਫ਼ਆਈਆਰ ਦਰਜ ਕਰਨ ਤੋਂ ਬਾਅਦ ਇਹ ਮਾਮਲਾ ਮੁੜ ਚਰਚਾ ਵਿਚ ਆ ਗਿਆ ਹੈ। ਕੇਸ ਕੈਥਲ ਵਾਸੀ ਸਾਹਿਬ ਸਿੰਘ ਦੇ ਬਿਆਨਾਂ ਤਹਿਤ ਦਰਜ ਕੀਤਾ ਗਿਆ ਹੈ।
ਪੰਜਾਬ ਪੁਲੀਸ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ 2012 ਵਿੱਚ ਪਟਿਆਲਾ ਵਿੱਚ ਇੱਕ ਔਰਤ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਕੇਸ ਦਰਜ ਕੀਤੇ ਜਾਣ ਬਾਰੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ। ਇਸ ਮੌਕੇ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਵੱਲੋਂ ਦਾਇਰ ਹਲਫ਼ਨਾਮੇ ਅਨੁਸਾਰ ਧਾਰਾ 302 (ਕਤਲ), 376 (ਬਲਾਤਕਾਰ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ 7 ਦਸੰਬਰ ਨੂੰ ਪਟਿਆਲਾ ਦੇ ਪਸਿਆਣਾ ਪੁਲੀਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।
ਇਹ ਐਫਆਈਆਰ ਪਟਿਆਲਾ ਵਾਸੀ ਪੀੜਤਾ ਦੇ ਭਰਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਸਿੱਖ ਪ੍ਰਚਾਰਕ ਢੱਡਰੀਆਂਵਾਲੇ, ਜੋ ਕਿ ਪਟਿਆਲਾ ਦੇ ਸ਼ੇਖੂਪੁਰਾ ਸਥਿਤ ਪਰਮੇਸ਼ਰ ਦੁਆਰ ਗੁਰਦੁਆਰੇ ਦੇ ਮੁਖੀ ਹਨ, ਦੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਪੈਰੋਕਾਰ ਹਨ।
ਜਾਣੋ ਇਸ ਮਾਮਲੇ ਵਿਚ ਹੁਣ ਤੱਕ ਕੀ ਵਾਪਰਿਆ
ਡੀਜੀਪੀ ਦਾ ਇਹ ਹਲਫਨਾਮਾ ਪੀੜਤਾ ਦੇ ਭਰਾ ਵੱਲੋਂ ਲਾਏ ਜਬਰ ਜਨਾਹ ਅਤੇ ਕਤਲ ਦੇ ਦੋਸ਼ਾਂ ਤੋਂ ਬਾਅਦ ਆਇਆ ਹੈ। ਪੀੜਤਾ ਦੇ ਭਰਾ ਨੇ ਦੋਸ਼ ਲਾਇਆ ਕਿ ਘਟਨਾ ਸਮੇਂ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਔਰਤ ਦੇ ਭਰਾ ਦੀ ਪਟੀਸ਼ਨ ’ਤੇ ਨਵੰਬਰ ਮਹੀਨੇ ’ਚ ਸੁਣਵਾਈ ਹੋਈ ਸੀ ਅਤੇ ਪਿਛਲੀ ਸੁਣਵਾਈ ਦੌਰਾਨ ਚੀਫ਼ ਜਸਟਿਸ ਸ਼ੀਲ ਨਾਗੂ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਡੀਜੀਪੀ ਨੂੰ ਪੁੱਛਿਆ ਸੀ ਕਿ 2012 ’ਚ ਇਸ ਮਾਮਲੇ ਨੂੰ ਦੇਖਣ ਵਾਲੇ ਅਧਿਕਾਰੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ।
ਹਲਫ਼ਨਾਮੇ ਅਨੁਸਾਰ ਇਹ ਮਹਿਲਾ 22 ਅਪਰੈਲ, 2012 ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਗੇਟ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ। ਬਾਅਦ ਵਿੱਚ ਕੋਈ ਬਿਆਨ ਦੇਣ ਤੋਂ ਪਹਿਲਾਂ ਹੀ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਦੋਂ ਪੀੜਤਾ ਦੀ ਮਾਂ ਨੇ ਔਰਤ ਦੀ ਮੌਤ ਲਈ ਕਿਸੇ ਵਿਅਕਤੀ ’ਤੇ ਸ਼ੱਕ ਨਹੀਂ ਕੀਤਾ ਸੀ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਮੌਤ ਐਲੂਮੀਨੀਅਮ ਫਾਸਫੇਟ ਕੀਟਨਾਸ਼ਕ ਦੇ ਜ਼ਹਿਰ ਕਾਰਨ ਹੋਈ ਹੈ। ਪੀੜਤ ਪਰਿਵਾਰ ਨੇ ਬਾਅਦ ਵਿੱਚ ਕਾਰਜਕਾਰੀ ਮੈਜਿਸਟਰੇਟ ਦੇ ਸਾਹਮਣੇ ਗਵਾਹੀ ਦਿੱਤੀ ਕਿ ਉਨ੍ਹਾਂ ਨੂੰ ਮਹਿਲਾ ਦੀ ਮੌਤ ਬਾਰੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੈ। ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਕਿਸੇ ਜ਼ਹਿਰੀਲੇ ਪਦਾਰਥ ਦੇ ਸੇਵਨ ਕਾਰਨ ਹੋਈ ਸੀ।
ਧਮਕਾਉਣ ਤੋਂ ਬਾਅਦ ਭਰਾ ਨੇ ਮੁੜ ਕਰਵਾਈ ਸੀ ਸ਼ਿਕਾਇਤ ਦਰਜ
ਡੀਜੀਪੀ ਦੇ ਹਲਫ਼ਨਾਮੇ ਅਨੁਸਾਰ ਦਫ਼ਤਰੀ ਵਿਧੀ ਅਨੁਸਾਰ ਅਕਤੂਬਰ 2020 ਵਿੱਚ 1 ਜਨਵਰੀ 2007 ਤੋਂ 31 ਦਸੰਬਰ 2014 ਤੱਕ ਦਾ ਰਿਕਾਰਡ ਨਸ਼ਟ ਕਰ ਦਿੱਤਾ ਗਿਆ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ 21 ਦਸੰਬਰ, 2023 ਨੂੰ ਮਹਿਲਾ ਦੇ ਭਰਾ ਨੇ ਦੋਸ਼ ਲਾਇਆ ਸੀ ਕਿ ਉਸਨੂੰ ਕੁਝ ਵਿਅਕਤੀਆਂ ਵੱਲੋਂ ਧਮਕਾਇਆ ਗਿਆ ਸੀ ਕਿ ਉਹ ਢੱਡਰੀਆਂਵਾਲੇ ਵਿਰੁੱਧ ਆਵਾਜ਼ ਨਾ ਉਠਾਉਣ। ਇਸ ਤੋਂ ਬਾਅਦ ਉਸ ਵੱਲੋਂ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਗਈ, ਜੋ ਕਿ 16 ਅਕਤੂਬਰ, 2024 ਨੂੰ ਪਟਿਆਲਾ ਦੇ ਸੀਨੀਅਰ ਪੁਲੀਸ ਕਪਤਾਨ ਨੂੰ ਭੇਜੀ ਗਈ। ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਪਟੀਸ਼ਨਰ ਦੀ ਸ਼ਿਕਾਇਤ ‘ਤੇ ਢੱਡਰੀਆਂਵਾਲੇ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਧਰ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਹ ਪੁਲੀਸ ਦੀ ਜਾਂਚ ਵਿੱਚ ਸਹਿਯੋਗ ਦੇਣਗੇ। ਉਨ੍ਹਾਂ ਕਿਹਾ, ”ਉਨ੍ਹਾਂ (ਪਰਿਵਾਰ) ਨੇ ਹਾਈ ਕੋਰਟ ਦਾ ਰੁਖ ਕੀਤਾ ਹੈ। ਜਿਨ੍ਹਾਂ ਨੂੰ ਸ਼ੱਕ ਹੈ ਅਤੇ ਉਨ੍ਹਾਂ ਨੂੰ ਆਪਣਾ ਸ਼ੱਕ ਦੂਰ ਕਰਨਾ ਚਾਹੀਦਾ ਹੈ। ਹਾਈ ਕੋਰਟ ਨੇ ਐਫਆਈਆਰ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਪਰ ਸੱਚਾਈ ਸਾਹਮਣੇ ਆ ਜਾਵੇਗੀ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਅਤੇ ਪੰਜਾਬ ਪੁਲੀਸ ‘ਤੇ ਪੂਰਾ ਭਰੋਸਾ ਹੈ।