ਗੁਰੂਗ੍ਰਾਮ– ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧ ਵੱਧਦਾ ਹੀ ਜਾ ਰਿਹਾ ਹੈ। ਇਸ ਯੋਜਨਾ ਖ਼ਿਲਾਫ ਸੋਮਵਾਰ ਯਾਨੀ ਕਿ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਭਾਰਤ ਬੰਦ ਦੀ ਕਾਲ ਦੇ ਚੱਲਦੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਭਾਰਤ ਬੰਦ ਦਾ ਅਸਰ ਜਿੱਥੇ ਰੇਲਾਂ ’ਤੇ ਪਿਆ ਹੈ, ਉੱਥੇ ਹੀ ਸੜਕਾਂ ’ਤੇ ਵੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਅਗਨੀਪਥ ਯੋਜਨਾ ਖ਼ਿਲਾਫ ਕੁਝ ਸੰਗਠਨਾਂ ਵਲੋਂ ਦੇਸ਼ ਭਰ ’ਚ ਭਾਰਤ ਬੰਦ ਦੀ ਕਾਲ ਦਰਮਿਆਨ ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂਗ੍ਰਾਮ-ਦਿੱਲੀ ਬਾਰਡਰ ’ਤੇ ਦਿੱਲੀ ਪੁਲਸ ਚੈਕਿੰਗ ਕਰ ਰਹੀ ਹੈ। ਜਿਸ ਦੇ ਚੱਲਦੇ ਗੁਰੂਗ੍ਰਾਮ-ਦਿੱਲੀ ਬਾਰਡਰ ’ਤੇ ਭਾਰੀ ਜਾਮ ਲੱਗਾ ਗਿਆ ਹੈ।
ਦੱਸ ਦੇਈਏ ਕਿ ਅਗਨੀਪਥ ਯੋਜਨਾ ਖ਼ਿਲਾਫ ਪ੍ਰਦਰਸ਼ਨਕਾਰੀ ਹੁਣ ਤੱਕ ਕਈ ਰੇਲਾਂ ਅਤੇ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਚੁੱਕੇ ਹਨ। ਭਾਰਤ ਬੰਦ ਦਰਮਿਆਨ ਦਿੱਲੀ-ਐੱਨ. ਸੀ. ਆਰ. ਦੀਆਂ ਸੜਕਾਂ ’ਤੇ ਭਾਰੀ ਜਾਮ ਨਜ਼ਰ ਆ ਰਿਹਾ ਹੈ। ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਚੱਲਦੇ ਰੇਲਵੇ ਸਟੇਸ਼ਨਾਂ ’ਤੇ ਵੀ ਯਾਤਰੀਆਂ ਦੀ ਭਾਰੀ ਭੀੜ ਹੈ।ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਕਾਨੂੰਨ ਵਿਵਸਥਾ ’ਚ ਕੋਈ ਰੁਕਾਵਟ ਪੈਦਾ ਨਾ ਕਰਨ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 14 ਜੂਨ ਨੂੰ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿਚ ਫ਼ੌਜੀਆਂ ਦੀ ਭਰਤੀ ਲਈ ‘ਅਗਨੀਪਥ’ ਯੋਜਨਾ ਦਾ ਐਲਾਨ ਕੀਤਾ ਸੀ। ਇਹ ਯੋਜਨਾ ਤਹਿਤ ਸਾਢੇ 17 ਤੋਂ 21 ਸਾਲ ਦੀ ਉਮਰ ਦੇ ਨੌਜਵਾਨ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿਚ ਮੁੱਖ ਤੌਰ ‘ਤੇ 4 ਸਾਲਾਂ ਲਈ ਭਰਤੀ ਕੀਤਾ ਜਾਵੇਗਾ। ਜਿਸ ਦਾ ਕੁਝ ਸੂਬਿਆਂ ‘ਚ ਵਿਰੋਧ ਹੋ ਰਿਹਾ ਹੈ। ਇਸ ਕਾਰਨ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।