ਪਟਿਆਲਾ, ਇੱਥੋਂ 14 ਕਿਲੋਮੀਟਰ ਦੂਰ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ 12 ਸਾਲ ਪਹਿਲਾਂ ਲੜਕੀ ਦੀ ਭੇਤ-ਭਰੀ ਹਾਲਤ ’ਚ ਮੌਤ ਸਬੰਧੀ ਧਾਰਮਿਕ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਖ਼ਿਲਾਫ਼ ਪਟਿਆਲਾ ਦੇ ਥਾਣਾ ਪਸਿਆਣਾ ’ਚ ਕਤਲ ਅਤੇ ਜਬਰ ਜਨਾਹ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਹਰਿਆਣਾ ਦੇ ਕੈਥਲ ਵਾਸੀ ਸਾਹਿਬ ਸਿੰਘ ਨੇ ਬਿਆਨ ’ਤੇ ਦਰਜ ਕੀਤਾ ਗਿਆ ਹੈ। ਉਸ ਨੇ ਬਿਆਨ ’ਚ ਕਿਹਾ ਕਿ ਉਸ ਦੀ ਭੈਣ, ਮਾਂ ਨਾਲ ਗੁਰਦੁਆਰਾ ਪਰਮੇਸ਼ਰ ਦੁਆਰ ਜਾਂਦੀ ਸੀ ਤੇ ਕਈ ਵਾਰ ਉਥੇ ਹੀ ਰਹਿ ਜਾਂਦੀ ਸੀ। ਉਸ ਨੇ ਕਿਹਾ ਕਿ ਇਸ ਦੌਰਾਨ ਹੀ ਉਸ ਦੇ ਬਾਬੇ ਨਾਲ ਕਥਿਤ ਸਬੰਧ ਬਣ ਗਏ। ਉਹ ਜਦੋਂ ਕਥਿਤ ਤੌਰ ’ਤੇ ਗਰਭਵਤੀ ਹੋ ਗਈ ਸੀ ਤਾਂ ਉਸ ਨੇ ਬਾਬੇ ਨਾਲ ਗੱਲ ਕੀਤੀ ਪਰ ਉਸ ਨੂੰ ਕਥਿਤ ਤੌਰ ’ਤੇ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ।
‘ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ’
ਦੋਸ਼ਾਂ ਨੂੰ ਨਕਾਰਦਿਆਂ ਰਣਜੀਤ ਸਿੰਘ ਢੱਡਰੀਆਂ ਨੇ ਕਿਹਾ ਕਿ 13 ਸਾਲ ਪਹਿਲਾਂ ਜਦੋਂ ਉਹ ਵਿਦੇਸ਼ ਗਏ ਸਨ ਤਾਂ ਲੜਕੀ ਨੇ ਪਰਮੇਸ਼ਰ ਦੁਆਰ ਦੇ ਬਾਹਰ ਆ ਕੇ ਜ਼ਹਿਰੀਲੀ ਦਵਾਈ ਖਾ ਲਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਪੋਸਟਮਾਰਟਮ ਦੀ ਰਿਪੋਰਟ ’ਚ ਜਬਰ ਜਨਾਹ ਜਾਂ ਗਰਭਵਤੀ ਹੋਣ ਦਾ ਕੋਈ ਜ਼ਿਕਰ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਸੀ। ਇਸ ਲਈ ਪਰਿਵਾਰ ਦੇ ਬਿਆਨਾਂ ’ਤੇ ਪੁਲੀਸ ਨੇ ਕਿਸੇ ਖਿਲਾਫ਼ ਕੋਈ ਕਾਰਵਾਈ ਨਾ ਕਰਦਿਆਂ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਕੇਸ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਲੜਕੀ ਦੇ ਪਰਿਵਾਰ ਨੂੰ ਕੋਈ ਸ਼ੱਕ ਹੈ ਤਾਂ ਉਹ ਸੀਬੀਆਈ ਸਮੇਤ ਹਰ ਏਜੰਸੀ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜਾਂਚ ਲਈ ਪੁਲੀਸ ਜਿੱਥੇ ਵੀ ਬੁਲਾਵੇਗੀ ਉਹ ਹਾਜ਼ਰ ਹੋਣਗੇ।