ਮੋਗਾ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਐਨਆਈਏ ਦੀ ਟੀਮ ਨੇ ਇੱਥੋਂ ਦੀ ਰੇਗਰ ਬਸਤੀ ਵਿੱਚ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ। ਜਿਸ ਵਿਅਕਤੀ ਦੇ ਘਰ NIA ਦੀ ਟੀਮ ਪਹੁੰਚੀ ਉਸ ਦੀ ਬੇਟੀ ਦਾ ਵਿਆਹ ਹੋ ਰਿਹਾ ਸੀ ਅਤੇ ਇਸੇ ਦੌਰਾਨ NIA ਦੀ ਟੀਮ ਉਸਦੇ ਘਰ ਪਹੁੰਚੀ।
ਉਸ ਅਨੁਸਾਰ ਦਸ-ਪੰਦਰਾਂ ਦਿਨ ਪਹਿਲਾਂ ਵਿਦੇਸ਼ ਤੋਂ ਉਸ ਦੀ ਧੀ ਦੇ ਫੋਨ ’ਤੇ ਫੋਨ ਆਇਆ ਸੀ ਅਤੇ ਐਨਆਈਏ ਦੇ ਅਧਿਕਾਰੀ ਇਸ ਸਬੰਧੀ ਪੁੱਛ-ਪੜਤਾਲ ਕਰਨ ਆਏ ਸਨ। ਟੀਮ ਦੇ ਮੈਂਬਰ ਸਵੇਰੇ ਪੰਜ ਵਜੇ ਦੇ ਕਰੀਬ ਰੇਗਰ ਬਸਤੀ ਦੇ ਰਹਿਣ ਵਾਲੇ ਬਲਜੀਤ ਸਿੰਘ ਦੇ ਘਰ ਪੁੱਜੇ ਸਨ।
ਜਦੋਂ ਟੀਮ ਨੇ ਗੇਟ ਖੜਕਾਇਆ ਤਾਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ। ਬਲਜੀਤ ਸਿੰਘ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਅਧਿਕਾਰੀਆਂ ਨੇ ਉਸ ਦੇ ਮੋਬਾਈਲ ਦੀ ਵੀ ਜਾਂਚ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੁਮਾਰ ਸਫਾਈ ਕਰਮਚਾਰੀ ਹੈ ਅਤੇ ਇਕ ਠੇਕੇਦਾਰ ਕੋਲ ਕੰਮ ਕਰਦਾ ਹੈ। ਬਲਜੀਤ ਸਿੰਘ ਨੇ ਮੀਡੀਆ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।