ਬੁਢਲਾਡਾ : ਸਿੱਖਾਂ ਦੀ ਸੁਪਰੀਮ ਕੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਆਗੂਆਂ ਨੂੰ ਦਿੱਤੀ ਗਈ ਧਾਰਮਿਕ ਸਜ਼ਾ ਦੇ ਨਾਲ ਸਿੱਖਾਂ ਦੀ ਬਾਦਸ਼ਾਹੀ ਸੁਰਜੀਤ ਹੋਈ ਹੈ। ਇਹ ਸ਼ਬਦ ਅੱਜ ਇੱਥੇ ਨਿੱਜੀ ਸਮਾਗਮ ‘ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਹੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਿੰਦੂਤਵ ਦੀ ਕੱਛ ‘ਚ ਵੜ੍ਹ ਕੇ ਸਿੱਖੀ ਦਾ ਘਾਣ ਕੀਤਾ ਹੈ, ਪੰਥਕ ਮੁੱਦੇ ਖ਼ਤਮ ਕਰਕੇ ਸਿੱਖਾਂ ਨੂੰ ਮਰਵਾਇਆ, ਸੌਧਾ ਸਾਧ ਦਾ ਮੁਆਫ਼ੀਨਾਮਾ, ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕਰਕੇ ਇਹ ਮਸੰਦ ਬਣ ਗਏ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸਜ਼ਾ ਦੇ ਕਾਰਨ ਅੱਜ ਸਿੱਖ ਮਾਣ ਮਹਿਸੂਸ ਕਰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਸਭ ਇੱਕ ਸਾਮਾਨ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਮਸੰਦਾਂ ਨੂੰ ਦੇਹਰਾਦੂਨ ਜਾ ਕੇ ਫੂਕਿਆ ਸੀ ਪਰ ਅੱਜ ਮਸੰਦਾਂ ਨੂੰ ਫੂਕਿਆ ਨਹੀਂ ਜਾ ਸਕਦਾ ਪਰ ਇਨ੍ਹਾਂ ਮਸੰਦਾਂ ਤੋਂ ਦੂਰੀ ਬਣਾਈ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਸਬੰਧੀ ਉਨ੍ਹਾਂ ਕਿਹਾ ਕਿ 14 ਸਾਲਾਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਸਿੱਖਾਂ ਦੀ ਜਮਹੂਰੀਅਤ ‘ਤੇ ਡਾਕਾ ਮਾਰਿਆ ਹੈ, ਚੋਣਾਂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਇਸ ਮਾਮਲੇ ਸਬੰਧੀ ਗੰਭੀਰ ਨਜ਼ਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਫ਼ੈਸਲੇ ਦਾ ਸੁਆਗਤ ਕਰਦਾ ਹੈ ਕਿ ਸਿੱਖਾਂ ਦੀ ਬਾਦਸ਼ਾਹੀ ਸੁਰਜੀਤ ਹੋ ਰਹੀ ਹੈ। ਉਨ੍ਹਾਂ ਇਸ ਮੌਕੇ ‘ਤੇ ਬੋਲਦਿਆਂ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਸਿੱਖ ਪੰਥ ‘ਚੋਂ ਛੇਕਣ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਉਸ ਦੇ ਹਮਲੇ ਨਾਲ ਕੋਈ ਨੁਕਸਾਨ ਨਹੀਂ ਹੋਇਆ, ਜਿਸ ‘ਤੇ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ ਤਾਂ ਉਸ ਨੂੰ ਧਾਰਮਿਕ ਸਜ਼ਾ ਦੀ ਲੋੜ ਨਹੀਂ। ਸਜ਼ਾ ਦਾ ਹੱਕਦਾਰ ਤਾਂ ਸੁਖਬੀਰ ਬਾਦਲ ਅਤੇ ਉਸਦੇ ਆਗੂ ਹਨ। ਇਸ ਮੌਕੇ ‘ਤੇ ਪਾਰਟੀ ਦੇ ਨੇਤਾ ਰਜਿੰਦਰ ਸਿੰਘ ਜਵਾਹਰਕੇ, ਬਲਵਿੰਦਰ ਸਿੰਘ ਮੰਡੇਰ, ਅਜੈਬ ਸਿੰਘ ਰੱਲੀ, ਗਿਆਨ ਸਿੰਘ ਗਿੱਲ ਆਦਿ ਨੇਤਾ ਹਾਜ਼ਰ ਸਨ।