Attack on Sukhbir Badal-Video: ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼

ਅੰਮ੍ਰਿਤਸਰ, Attack on Sukhbir Badal: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਉਸ ਵੇਲੇ ਵਾਲ-ਵਾਲ ਬੱਚ ਗਏ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਕੁਝ ਕਦਮਾਂ ਦੀ ਦੂਰੀ ਤੋਂ ਗੋਲੀ ਚਲਾ ਦਿੱਤੀ। ਪਰ ਉਨ੍ਹਾਂ ਦੇ ਕੋਲ ਖੜੇ ਕੁਝ ਵਿਅਕਤੀਆਂ ਨੇ ਹਮਲਾਵਰ ਨੂੰ ਪਿਸਤੌਲ ਤਾਣਦਿਆ ਦੇਖ ਲਿਆ ਅਤੇ ਫੜ੍ਹ ਲਿਆ। ਇਸ ਦੌਰਾਨ ਉਸ ਦਾ ਪਿਸਤੌਲ ਵਾਲਾ ਹੱਥ ਉੱਤੇ ਹੋਣ ਕਾਰਨ ਨਿਸ਼ਾਨਾ ਖੁੰਝ ਗਿਆ।

ਜਾਣਕਾਰੀ ਅਨੁਸਾਰ ਕਾਬੂ ਕੀਤਾ ਗਿਆ ਵਿਅਕਤੀ ਅਕਾਲ ਫੈਡਰੇਸ਼ਨ ਦਾ ਆਗੂ ਨਰਾਇਣ ਸਿੰਘ ਚੌੜਾ ਹੈ ਜੋ ਕਿ ਪਹਿਲਾਂ ਵੀ ਕੁਝ ਮਾਮਲਿਆਂ ਵਿੱਚ ਜੇਲ੍ਹ ਵਿੱਚ ਰਹਿ ਚੁੱਕਾ ਹੈ। ਇਸ ਦੀ ਖ਼ਬਰ ਮਿਲਦਿਆਂ ਹੀ ਕਈ ਹੋਰ ਅਕਾਲੀ ਆਗੂ ਮੌਕੇ ਤੇ ਪੁੱਜ ਗਏ ਸਨ। ਸੁਰੱਖਿਆ ਘੇਰੇ ਨੇ ਤੁਰੰਤ ਸੁਖਬੀਰ ਸਿੰਘ ਬਾਦਲ ਨੂੰ ਘੇਰ ਲਿਆ ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ । ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਗੁਰੂ ਚਰਨਾਂ ਵਿੱਚ ਸੇਵਾ ਕਰ ਰਹੇ ਇੱਕ ਵਿਅਕਤੀ ਤੇ ਗੋਲੀ ਚਲਾਉਣ ਵਰਗੀ ਅਜਿਹੀ ਕਾਇਰਾਨਾ ਕਾਰਵਾਈ ਕੋਈ ਸਿੱਖ ਵਿਅਕਤੀ ਨਹੀਂ ਕਰ ਸਕਦਾ ਅਤੇ ਅਜਿਹੇ ਵਿਅਕਤੀ ਨੂੰ ਸਿੱਖ ਕਹਿਣਾ ਗਲਤ ਹੋਵੇਗਾ। ਉਹਨਾਂ ਕਿਹਾ ਕਿ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ।

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਦੋਹਾਂ ਆਗੂਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹਿਰੇਦਾਰ ਵੱਜੋਂ ਸੇਵਾ ਲਾਈ ਗਈ ਸੀ। ਅੱਜ ਉਹ ਦੂਜੇ ਦਿਨ ਇਸ ਸੇਵਾ ਲਈ ਇੱਥੇ ਪੁੱਜੇ ਸਨ।

ਸ੍ਰੋ੍ਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਹਮਲੇ ਦੀ ਨਿੰਦਾ ਕਰਦਿਆਂ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਹਮਲਾਵਰ ਬੀਤੇ ਦਿਨ ਤੋਂ ਉੱਥੇ ਘੁੰਮ ਰਿਹਾ ਹੈ ਤਾਂ ਇਸ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ।

Leave a Reply

Your email address will not be published. Required fields are marked *