ਰੋਹਤਕ, ਮੰਗਲਵਾਰ ਦੇਰ ਰਾਤ ਇੱਥੇ ਇੰਡਸਟਰੀਅਲ ਮਾਡਰਨ ਟਾਊਨਸ਼ਿਪ (ਆਈਐਮਟੀ) ਨੇੜੇ ਪੁਲੀਸ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਇੱਕ ਗੈਂਗਸਟਰ ਮਾਰਿਆ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਮੁਕਾਬਲੇ ਤੋਂ ਬਾਅਦ ਤਿੰਨਾਂ ਨੂੰ ਇਲਾਜ ਲਈ ਰੋਹਤਕ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀ.ਜੀ.ਆਈ.ਐਮ.ਐਸ.) ਲਿਜਾਇਆ ਗਿਆ ਸੀ, ਜਿੱਥੇ ਦੀਪਕ ਨੇ ਦਮ ਤੋੜ ਦਿੱਤਾ। ਜਦਕਿ ਦੋ ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਦੀ ਪਛਾਣ ਖਿਡਵਾਲੀ ਪਿੰਡ ਦੇ ਰਹਿਣ ਵਾਲੇ ਰਾਹੁਲ ਉਰਫ਼ ਬਾਬਾ ਅਤੇ ਆਯੂਸ਼ ਵਜੋਂ ਹੋਈ ਹੈ। ਰੋਹਤਕ ਵਾਸੀ ਛੋਟਾ ਉਰਫ਼ ਛੋਟਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਕਥਿਤ ਤੌਰ ’ਤੇ ਉਨ੍ਹਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ।
ਰਾਹੁਲ ਇੱਕ ਤੀਹਰੇ ਕਤਲ ਕਾਂਡ ਵਿਚ ਪੁਲੀਸ ਨੂੰ ਲੋੜੀਂਦਾ ਸੀ। ਪੁਲੀਸ ਨੇ ਖੁਫ਼ੀਆ ਜਾਣਕਾਰੀ ਤੋਂ ਬਾਅਦ ਆਈਐੱਮਟੀ ਖੇਤਰ ਵਿੱਚ ਗੈਂਗਸਟਰਾਂ ਦੀ ਭਾਲ ਸ਼ੁਰੂ ਕੀਤੀ ਇਸ ਦੌਰਾਨ ਪੁਲੀਸ ਨੂੰ ਦੇਖ ਕੇ ਬਦਮਾਸ਼ਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਇੱਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਹਾਲ ਦੀ ਘੜੀ ਇਸ ਮੁੱਠਭੇੜ ਬਾਰੇ ਚੁੱਪ ਧਾਰੀ ਹੋਈ ਹੈ।