ਚੰਡੀਗੜ੍ਹ : ਮੱਧ ਪ੍ਰਦੇਸ਼ ਵਿਚ ਬਾਗੇਸ਼ਵਰ ਧਾਮ ਦੇ ਪੰਡਿਤ ਧਰੇਂਦਰ ਸ਼ਾਸਤਰੀ ਨੇ ਹਰਿਹਰ ਮੰਦਰ ਦੇ ਬਿਆਨ ‘ਤੇ ਸਫਾਈ ਦਿੱਤੀ ਹੈ। ਸ਼ਾਸਤਰੀ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਨੇ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਨਹੀਂ, ਸਗੋਂ ਸੰਭਲ ਦੇ ਹਰਿਹਰ ਮੰਦਰ ਦੇ ਬਾਰੇ ਵਿਚ ਕਿਹਾ ਸੀ। ਇਸ ਨੂੰ ਲੈ ਕੇ ਇਕ ਨਿਹੰਗ ਹਰਜੀਤ ਸਿੰਘ ਰਸੂਲਪੁਰ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਸ਼ਾਸਤਰੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਸ਼ਾਸਤਰੀ ਨਾਲ ਹੋਈ ਗੱਲਬਾਤ ਦੀ ਵੀਡੀਓ ਵੀ ਜਾਰੀ ਕੀਤੀ ਹੈ।
ਦੱਸਣਯੋਗ ਹੈ ਕਿ ਸ਼ਾਸਤਰੀ ਨੇ ਮੁਰਾਦਾਬਾਦ ਵਿਚ ਕਿਹਾ ਸੀ ਕਿ ਮਹੂਰਤ ਹੈ ਕਿ ਹਰਿਹਰ ਮੰਦਰ ਵਿਚ ਵੀ ਰੁਦਰਾਅਭੀਸ਼ੇਕ ਹੋ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਪੰਜਾਬ ਵਿਚ ਕੁਝ ਵਿਅਕਤੀਆਂ ਨੇ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਦਿੱਤਾ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ ਮਗਰੋਂ ਧਰੇਂਦਰ ਸ਼ਾਸਤਰੀ ਨੂੰ ਮਾਰਨ ਤਕ ਦੀ ਧਮਕੀਆਂ ਦਿੱਤੀਆਂ ਗਈਆਂ। ਸ਼ਾਸਤਰੀ ਵਲੋਂ ਸਫਾਈ ਦੇਣ ਤੋਂ ਬਾਅਦ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਵੀਡੀਓ ਦਾ ਉਦੇਸ਼ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਪੰਜਾਬ ਵਿਚ ਧਰੇਂਦਰ ਸ਼ਾਸਤਰੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਕੀ ਕਿਹਾ ਸੀ ਧਰੇਂਦਰ ਸ਼ਾਸਤਰੀ ਨੇ
ਮੁਰਾਦਾਬਾਦ ਦੇ ਇਕ ਧਾਰਮਿਕ ਪ੍ਰੋਗਰਾਮ ਵਿਚ ਧਰੇਂਦਰ ਸ਼ਾਸਤਰੀ ਨੇ ਕਿਹਾ ਸੀ ਕਿ ਹੁਣ ਤਾਂ ਆਵਾਜ਼ ਇਥੋਂ ਤਕ ਵੀ ਆ ਗਈ ਹੈ। ਹੁਣ ਤਾਂ ਜਲਦੀ ਤੋਂ ਜਲਦੀ ਉਸ ਮੰਦਰ ਦੀ ਪੂਜਾ ਵੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਆਯੁਧਿਆ ਵਿਚ ਰਾਮ ਜੀ ਬੈਠ ਗਏ। ਕਾਸ਼ੀ ਵਿਚ ਨੰਦੀ ਭਗਵਾਨ ਨਿਕਲ ਆਏ। ਇਹੋ ਮਹੂਰਤ ਹੈ। ਹੁਣ ਹਰਿਹਰ ਮੰਦਰ ਵਿਚ ਵੀ ਅਭੀਸ਼ੇਕ ਰੁਦਰਾਅਭੀਸ਼ੇਕ ਹੋ ਜਾਣਾ ਚਾਹੀਦਾ ਹੈ। ਬਾਬਾ ਬਾਗੇਸ਼ਵਰ ਦੇ ਬਿਆਨ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਸ੍ਰੀ ਹਰਿਮੰਦਰ ਸਾਹਿਬ ਲਈ ਨਹੀਂ ਸਗੋ ਕਲਕੀ ਧਾਮ ਸੰਭਲ ਲਈ ਕਿਹਾ ਗਿਆ ਸੀ।