ਲੁਧਿਆਣਾ : ਕਾਲੇ ਪਾਣੀ ਦਾ ਮੋਰਚਾ ਵੱਲੋਂ ਅੱਜ ਲੁਧਿਆਣਾ ਵਿਖੇ ਜ਼ਹਿਰੀਲੇ ਪਾਣੀ ਨੂੰ ਬੰਨ੍ਹ ਮਾਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਕਾਲੇ ਪਾਣੀ ਦਾ ਮੋਰਚਾ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਸਾਹਮਣੇ ਵਾਲੀ ਸੜਕ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੜਕ ਤੋਂ ਲੰਘਣ ਵਾਲੇ ਵਾਹਨਾਂ ਦੀ ਪੁਲਿਸ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਈ ਵਿਅਕਤੀਆਂ ਨੂੰ ਪੁਲਿਸ ਨੇ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਸਾਰੇ ਵਾਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅੱਗੇ ਤੋਰਿਆ ਜਾ ਰਿਹਾ ਹੈ।
ਕਾਲੇ ਪਾਣੀ ਦੇ ਮੋਰਚੇ ਨੂੰ ਸਫਲ ਬਣਾਉਣ ਲਈ ਪਿਛਲੇ ਦੋ ਮਹੀਨੇ ਤੋਂ ਵੱਖ-ਵੱਖ ਆਗੂਆਂ ਤੇ ਜਥੇਬੰਦੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਜਥੇਬੰਦੀਆਂ ਵੱਲੋਂ ਅੱਜ 12 ਵਜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਸਾਹਮਣੇ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਸੀ। ਲੋਕਾਂ ਦੇ ਇਕੱਠ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਪਹਿਲਾਂ ਹੀ ਪ੍ਰਬੰਧ ਕੀਤੇ ਗਏ ਹਨ। ਹਾਲ ਦੀ ਘੜੀ ਕਿਸੇ ਵੀ ਵਿਅਕਤੀ ਨੂੰ ਵਿਰਕਾ ਮਿਲਕ ਪਲਾਂਟ ਦੇ ਸਾਹਮਣੇ ਜਾਂ ਆਸ-ਪਾਸ ਖੜੇ ਹੋਣ ਨਹੀਂ ਦਿੱਤਾ ਜਾ ਰਿਹਾ। ਹਾਲ ਦੀ ਘੜੀ ਕਾਲੇ ਪਾਣੀ ਮੋਰਚੇ ਦੇ ਆਗੂ ਤੇ ਸਮਾਜਸੇਵੀ ਲੱਖਾ ਸਿਧਾਣਾ,ਅਮਿਤੋਜ ਮਾਨ, ਡਾਕਟਰ ਅਮਨਦੀਪ ਸਿੰਘ ਬੈਂਸ ਤੇ ਕੁਲਦੀਪ ਖਹਿਰਾ ਸਮੇਤ ਕੋਈ ਵੀ ਆਗੂ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਨਹੀਂ ਪੁੱਜਾ ਅਤੇ ਨਾ ਹੀ ਵੇਲਕਾ ਮਿਲਕ ਪਲਾਂਟ ਦੇ ਸਾਹਮਣੇ ਲੋਕਾਂ ਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ, ਜਿਸ ਨਾਲ ਟਰੈਫਿਕ ਜਾਮ ਹੋਇਆ ਪਿਆ ਹੈ।