ਅੰਮ੍ਰਿਤਸਰ : ਪੰਜ ਸਿੰਘ ਸਾਹਿਬਾਨ ਨੇ ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਸਣੇ ਸਾਬਕਾ ਅਕਾਲੀ ਮੰਤਰੀਆਂ ਨੂੰ ਅੱਜ ਜਥੇਦਾਰ ਸਾਹਿਬਾਨ ਵਲੋਂ ਤਲਬ ਕੀਤਾ ਗਿਆ। ਪੰਜ ਸਿੰਘ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਸਣੇ 2007 ਤੋਂ 2017 ਦੌਰਾਨ ਸਰਕਾਰ ਦਾ ਹਿੱਸਾ ਰਹਿਣ ਵਾਲੇ ਆਗੂਆਂ ਨੂੰ ਫਸੀਲ ਦੇ ਸਨਮੁੱਖ ਇਕੱਤਰ ਕਰਕੇ ਲੱਗੇ ਦੋਸ਼ਾਂ ਦੇ ਸਪੱਸ਼ਟੀਕਰਨ ਮੰਗੇ। ਆਪਣੇ ਸੰਬੋਧਨ ਦੌਰਾਨ ਜਥੇਦਾਰ ਸਾਹਿਬਾਨ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਬ ਉਚ ਹੈ ਅਤੇ ਇਸ ਦੀ ਮਾਣ-ਮਰਿਆਦਾ ਸਰਵ ਉੱਚ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਖਾਲਸਾ ਪੰਥ ਦੀਆਂ ਨਜ਼ਰਾਂ ਦੇਸ਼ਾਂ ਵਿਦੇਸ਼ਾਂ ਤੋਂ ਸ੍ਰੀ ਅਕਾਲ ਤਖ਼ਤ ‘ਤੇ ਟਿਕੀਆਂ ਹੋਈਆਂ ਹਨ। ਸਭ ਤੋਂ ਪਹਿਲਾਂ ਉਹ ਸਾਫ ਕਰਦੇ ਹਨ ਕਿ ਉਨ੍ਹਾਂ ਤੇ ਕਿਸੇ ਧਿਰ ਦਾ ਕੋਈ ਦਬਾਅ ਨਹੀਂ ਹੈ ਅਤੇ ਨਾ ਹੀ ਕਦੇ ਸਿੰਘ ਸਾਹਿਬਾਨ ਦਬਾਅ ਹੇਠ ਆ ਸਕਦੇ ਹਨ। ਇਸ ਉਪਰੰਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਗਲਾ ਸੰਬੋਧਨ ਗਿਆਨੀ ਹਰਪ੍ਰੀਤ ਸਿੰਘ ਕਰਨਗੇ।
ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਆਖਿਆ ਕਿ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੀ ਪੰਥਕ ਪਾਰਟੀ ਜਿਸ ਨੇ ਸਿੱਖਾਂ ਦੀ ਗੱਲ ਕਰਨੀ ਸੀ ਉਹ ਆਪਣੇ ਅਸਲ ਮੁੱਦਿਆਂ ਤੋਂ ਭਟਕ ਗਈ ਅਤੇ ਪੰਥਕ ਹਿੱਤਾਂ ਨੂੰ ਭੁੱਲ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਛੋਟੇ ਅਤੇ ਵੱਡੇ ਲੀਡਰ ਦੀ ਸਾਡੇ ਫ਼ੈਸਲੇ ਵਿਚ ਕੋਈ ਭੂਮਿਕਾ ਨਹੀਂ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਡੀਆਂ ਭੂਮਿਕਾਵਾਂ ਨੂੰ ਵੀ ਸ਼ੱਕੀ ਬਣਾ ਦਿੱਤਾ ਗਿਆ। ਪਹਿਲੇ ਜਥੇਦਾਰਾਂ ਨੇ ਕੰਮ ਹੀ ਕੁਝ ਅਜਿਹੇ ਕੀਤਾ ਕਿ ਹੁਣ ਸਾਡੇ ‘ਤੇ ਵੀ ਉਂਗਲ ਉਠੀ। ਅਸੀਂ ਸਪੱਸ਼ਟ ਕਰਦੇ ਹਾਂ ਕਿ ਕਿਸ ਛੋਟੇ ਤੇ ਵੱਡੇ ਲੀਡਰ ਤਕ ਸਾਡੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਅਕਾਲੀ ਲੀਡਰਾਂ ਅਤੇ ਵਰਕਰਾਂ ਦੇ ਟੈਲੀਫੋਨ ਜ਼ਰੂਰ ਆਏ , ਜਿਨ੍ਹਾਂ ਨੇ ਕਿਹਾ ਕਿ ਪੰਥ ਨੂੰ ਇਸ ਦਰਦ ਵਿਚੋਂ ਕੱਢਣਾ ਚਾਹੀਦਾ ਹੈ ਜੋ ਬੀਤੇ ਸਮੇਂ ਵਿਚ ਗਲਤੀਆਂ ਹੋਈਆਂ, ਗੁਨਾਹ ਹੋਏ, ਉਨ੍ਹਾਂ ਦਾ ਲੇਖਾ ਜੋਖਾ ਖਾਲਸਾ ਪੰਥ ਦੇ ਸਾਹਮਣੇ ਕੀਤਾ ਜਾਣਾ ਚਾਹੀਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਤਿੱਖੇ ਬੋਲ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ‘ਤੇ ਵੱਡੀ ਹਨ੍ਹੇਰੀ ਝੁੱਲੀ। ਉਸ ਦੌਰ ਵਿਚ ਸਿੱਖ ਬੀਬੀਆਂ, ਬੱਚੇ ਨੌਜਵਾਨ, ਬਜ਼ੁਰਗ ਸ਼ਹੀਦ ਕੀਤੇ ਗਏ। ਨੌਜਵਾਨਾਂ ਨੂੰ ਮਾਰ ਕੇ ਝੂਠੇ ਪੁਲਸ ਮੁਕਾਬਲੇ ਬਣਾਏ ਗਏ। ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ, ਇਹ ਜ਼ੁਲਮ ਇਤਿਹਾਸ ਦੇ ਪੰਨ੍ਹਿਆ ‘ਤੇ ਦਰਜ ਹੈ। ਛੋਟੇ-ਛੋਟੇ ਬੱਚਿਆਂ ਨੂੰ ਬਰਫਾਂ ਦੀ ਸਿੱਲੀਆਂ ‘ਤੇ ਲਿਟਾਇਆ ਗਿਆ। ਪੰਥ ਨੂੰ ਸਿਰਫ ਤੇ ਸਿਰਫ ਆਪਣੀ ਜਮਾਤ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦ ਸੀ, ਪੰਥ ਨੂੰ ਉਮੀਦ ਸੀ ਕਿ ਜਿਹੜੇ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਜ਼ਖਮ ਦਿੱਤੇ, ਇਹ ਅਕਾਲੀ ਸਰਕਾਰ ਮਲ੍ਹਮ ਲਗਾਉਣ ਦਾ ਕੰਮ ਕਰੇਗੀ। ਪਰ ਅਕਾਲੀ ਸਰਕਾਰ ਨੇ ਮਲ੍ਹਮ ਲਗਾਉਣ ਦੀ ਬਜਾਏ ਸਿੱਖਾਂ ਨੂੰ ਕਤਲ ਕਰਨ ਵਾਲੇ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਹੋਰ ਕੁਰੇਦਿਆ।
ਉਸ ਸਮੇਂ ਦੇ ਪੁਲਸ ਅਫਸਰ ਜਿਸ ਨੇ ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਮਾਰਿਆ, ਅਕਾਲੀ ਸਰਕਾਰ ਨੇ ਉਸ ਨੂੰ ਅਫਸਰ ਲਗਾਇਆ, ਮਲ੍ਹਹਮ ਲਗਾਉਣ ਦੀ ਬਜਾਏ, ਜ਼ਖਮਾਂ ਨੂੰ ਕੁਰੇਰਿਆ ਗਿਆ। ਜਿਸ ਡੇਰਾਵਾਦ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਸੀ ਤਾਂ ਅਕਾਲੀ ਸਰਕਾਰ ਉਸ ਨੂੰ ਬੇਅਸਰ ਕਰ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ, ਅਕਾਲੀ ਸਰਕਾਰ ਡੇਰਾਵਾਦ ਨਾਲ ਮਿਲ ਗਈ। ਅਕਾਲੀ ਸਰਕਾਰ ਸਮੇਂ ਬਰਗਾੜੀ ਵਿਚ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਇਹ ਗ਼ਲਤੀਆਂ ਨਹੀਂ ਸਗੋਂ ਗੁਨਾਹ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਾ ਅਸੀਂ ਦਬਾਅ ਵਿਚ ਸੀ ਤੇ ਨਾ ਕਦੇ ਦਬਾਅ ਹੇਠ ਆਵਾਂਗੇ। ਅਕਾਲੀ ਆਗੂਆਂ ਨਾਲ ਸਾਡਾ ਸੰਪਰਕ ਜ਼ਰੂਰ ਸੀ ਕਿਸੇ ਨੇ ਹਮਾਇਤ ਕੀਤੀ ਅਤੇ ਕਿਸੇ ਨੇ ਵਿਰੋਧ ਕੀਤਾ ਪਰ ਕਿਸੇ ਨੇ ਦਬਾਅ ਨਹੀਂ ਪਾਇਆ। ਸਾਡੇ ਖ਼ਿਲਾਫ ਝੂਠਾ ਪ੍ਰਚਾਰ ਕੀਤਾ ਗਿਆ।