ਅੰਮ੍ਰਿਤਸਰ- ਪੰਜਾਬ ’ਚ ਨਸ਼ਿਆਂ ਦਾ ਛੇਵਾਂ ਦਰਿਆ ਨਾ ਵਗੇ, ਇਸ ਲਈ ਬਾਰਡਰ ’ਤੇ ਫਸਟ ਲਾਈਨ ਆਫ ਡਿਫੈਂਸ ਬੀ. ਐੱਸ. ਐੱਫ. ਵਲੋਂ ਸੰਜੀਦਗੀ ਅਤੇ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਬੀ. ਐੱਸ. ਐੱਫ. ਦੇ 60ਵੇਂ ਸਥਾਪਨਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਆਈ. ਜੀ. ਅਤੁਲ ਫੁਲਜ਼ੈਲੀ ਨੇ ਦੱਸਿਆ ਕਿ ਬੀ. ਐੱਸ. ਐੱਫ. ਵੱਲੋਂ ਪੰਜਾਬ ਪੁਲਸ ਨੂੰ 126 ਨਸ਼ਾ ਸਮੱਗਲਰਾਂ ਦੀ ਸੂਚੀ ਸੌਂਪੀ ਗਈ ਹੈ, ਜਿਨ੍ਹਾਂ ’ਤੇ ਹੈਰੋਇਨ ਦੀ ਸਮੱਗਲਿੰਗ ਕਰਨ ਅਤੇ ਕਰਵਾਉਣ ਦੀ ਪੁਖਤਾ ਸੰਭਵਨਾ ਹੈ। ਉਨ੍ਹਾਂ ਦੱਸਿਆ ਕਿ ਸਮੱਗਲਰਾਂ ਨੂੰ ਫੜਨ ਲਈ ਕੇਂਦਰੀ ਏਜੰਸੀ ਐੱਨ. ਸੀ. ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਅਤੇ ਪੰਜਾਬ ਪੁਲਸ ਨਾਲ ਸਾਂਝੇ ਤੌਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ’ਚ ਕਾਫ਼ੀ ਸਫ਼ਲਤਾ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਵੱਲੋਂ ਪਿਛਲੇ 11 ਮਹੀਨਿਆਂ ਦੌਰਾਨ 1405 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ ਅਤੇ ਸਰਹੱਦ ’ਤੇ 272 ਡ੍ਰੋਨ ਵੀ ਜ਼ਬਤ ਕੀਤੇ ਗਏ ਹਨ ਜਦਕਿ ਪਿਛਲੇ ਸਾਲ ਸਿਰਫ਼ 107 ਡ੍ਰੋਨ ਫੜੇ ਗਏ ਸਨ। ਇਸ ਸਾਲ ਵੱਖ-ਵੱਖ ਮਾਮਲਿਆਂ ਵਿਚ 94 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 73 ਸ਼ੱਕੀ ਨਸ਼ਾ ਸਮੱਗਲਰ ਵੀ ਕਾਬੂ ਕੀਤੇ ਗਏ ਹਨ, 29 ਪਾਕਿਸਤਾਨੀ ਸ਼ੱਕੀ ਗ੍ਰਿਫ਼ਤਾਰ ਕੀਤੇ ਗਏ ਹਨ, 3 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰਿਆ ਗਿਆ ਹੈ ਅਤੇ 2 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈ. ਜੀ. ਅਤੁਲ ਫੁਲਜੈਲੀ ਨੇ ਦੱਸਿਆ ਕਿ ਬੀ. ਐੱਸ. ਐੱਫ. ਦੀ ਸਖ਼ਤੀ ਕਾਰਨ ਸਮੱਗਲਿੰਗ ਜੋ ਕਿ ਰਵਾਇਤੀ ਤਰੀਕਿਆਂ, ਜਿਵੇਂ ਪਾਈਪਾਂ ਅਤੇ ਹੋਰ ਤਰੀਕਿਆਂ ਰਾਹੀਂ ਹੁੰਦੀ ਸੀ, ਇਸ ਸਮੇਂ ਬੰਦ ਹੋ ਚੁੱਕੀ ਹੈ ਅਤੇ 97 ਫੀਸਦੀ ਸਮੱਗਲਿੰਗ ਡਰੋਨਾਂ ਰਾਹੀਂ ਹੋ ਰਹੀ ਹੈ, ਇਸ ਦੇ ਟਾਕਰੇ ਲਈ ਏ. ਡੀ. ਐੱਸ. (ਐਂਟੀ ਡਰੋਨ ਸਿਸਟਮ) ਸਿਸਟਮ ਲਗਾਏ ਗਏ ਹਨ ਜੋ ਬਹੁਤ ਸਫਲਤਾਪੂਰਵਕ ਕੰਮ ਕਰ ਰਹੇ ਹਨ। ਛੋਟੇ ਡਰੋਨ ਹੋਣ ਜਾਂ ਵੱਡੇ ਡਰੋਨ, ਸਭ ਨੂੰ ਆਧੁਨਿਕ ਤਕਨੀਕ ਨਾਲ ਉਤਾਰਿਆ ਜਾ ਰਿਹਾ ਹੈ।