ਭਗਵੰਤ ਮਾਨ ਆਈਸੀਯੂ ਵਿੱਚ, ਹਾਲਤ ਸਥਿਰ

ਐੱਸਏਐੱਸ ਨਗਰ (ਮੁਹਾਲੀ), ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਸਥਿਰ ਹੈ। ਫਿਲਹਾਲ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਮੈਡੀਕਲ ਆਈਸੀਯੂ ਵਾਰਡ ’ਚ ਰੱਖਿਆ ਗਿਆ ਹੈ। ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਬੁੱਧਵਾਰ ਦੇਰ ਰਾਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਵਿੱਚ ਸੋਜ਼ਿਸ਼ ਹੈ, ਜਿਸ ਕਰਕੇ ਦਿਲ ’ਤੇ ਦਬਾਅ ਵਧ ਰਿਹਾ ਹੈ ਅਤੇ ਬਲੱਡ ਪ੍ਰੈੱਸ਼ਰ ਦੀ ਵੀ ਸਮੱਸਿਆ ਹੈ। ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਡਾ. ਆਰਕੇ ਜਸਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਿਲ ਨਾਲ ਸਬੰਧਤ ਕੁਝ ਟੈਸਟ ਕੀਤੇ ਹਨ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ। ਹਾਲਾਂਕਿ ਵੀਰਵਾਰ ਨੂੰ ਇਹ ਗੱਲ ਦਾਅਵੇ ਨਾਲ ਆਖ ਜਾ ਰਹੀ ਸੀ ਕਿ ਮੁੱਖ ਮੰਤਰੀ ਨੂੰ ਰੁਟੀਨ ਚੈੱਕਅਪ ਲਈ ਹਸਪਤਾਲ ਵਿੱਚ ਲਿਆਂਦਾ ਗਿਆ ਹੈ ਪ੍ਰੰਤੂ ਉਨ੍ਹਾਂ ਨੂੰ ਮੈਡੀਕਲ ਆਈਸੀਯੂ ਵਿੱਚ ਰੱਖਣਾ ਗੰਭੀਰ ਬਿਮਾਰੀ ਵੱਲ ਸੰਕੇਤ ਦਿੰਦਾ ਹੈ। ਉਨ੍ਹਾਂ ਦੇ ਜਿਗਰ ਵਿੱਚ ਦਿੱਕਤ ਆਉਣ ਬਾਰੇ ਵੀ ਪਤਾ ਲੱਗਾ ਹੈ। ਉਂਜ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਫੋਰਟਿਸ ਵਿੱਚ ਜ਼ੇਰੇ ਇਲਾਜ ਹੋਣ ਕਾਰਨ ਹਸਪਤਾਲ ਦੇ ਅੰਦਰ ਅਤੇ ਬਾਹਰ ਮੁੱਖ ਗੇਟਾਂ ’ਤੇ ਪੁਲੀਸ ਦਾ ਸਖ਼ਤ ਪਹਿਰਾ ਹੈ। ਕੈਬਨਿਟ ਮੰਤਰੀਆਂ ਸਮੇਤ ‘ਆਪ’ ਦੇ ਸੀਨੀਅਰ ਆਗੂਆਂ, ਵਾਲੰਟੀਅਰਾਂ ਅਤੇ ਮੁੱਖ ਮੰਤਰੀ ਦੇ ਜਾਣਕਾਰਾਂ ਨੂੰ ਵੀ ਹਸਪਤਾਲ ਵਿੱਚ ਆ ਕੇ ਮਿਲਣ ਤੋਂ ਰੋਕਿਆ ਗਿਆ ਹੈ ਤਾਂ ਜੋ ਬਾਕੀ ਮਰੀਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਦੌਰਾਨ ਪੰਚਾਇਤੀ ਚੋਣਾਂ ਨੇੜੇ ਹੋਣ ਕਾਰਨ ਭਗਵੰਤ ਮਾਨ ਦੇ ਬਿਮਾਰ ਪੈਣ ਨਾਲ ‘ਆਪ’ ਨੂੰ ਨੁਕਸਾਨ ਝਲਣਾ ਪੈ ਸਕਦਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਮੁੱਖ ਮੰਤਰੀ ਵੱਲੋਂ ਿਨੱਜੀ ਹਸਪਤਾਲ ’ਚ ਇਲਾਜ ਕਰਵਾਉਣ ’ਤੇ ਸਵਾਲ ਚੁੱਕੇ ਹਨ।

Leave a Reply

Your email address will not be published. Required fields are marked *