ਗੁਰਦੁਆਰਾ ਰਕਾਬਗੰਜ ਸਾਹਿਬ ’ਚ ਹਿੰਸਕ ਟਕਰਾਅ ਮਾਮਲੇ ’ਚ ਆਇਆ ਫ਼ੈਸਲਾ, ਸਿਰਸਾ ਸਮੇਤ 5 ਲੋਕ ਬਰੀ

sirsa/nawanpunjab.com

ਨਵੀਂ ਦਿੱਲੀ,5 ਸਤੰਬਰ (ਦਲਜੀਤ ਸਿੰਘ)- ਦਿੱਲੀ ਦੀ ਇਕ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ 4 ਹੋਰ ਲੋਕਾਂ ਨੂੰ ਨਵੰਬਰ 2012 ’ਚ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਹੋਏ ਹਿੰਸਕ ਟਕਰਾਅ ਮਾਮਲੇ ਵਿਚ ਮੰਗਲਵਾਰ ਨੂੰ ਬਰੀ ਕਰ ਦਿੱਤਾ ਹੈ। ਐਡੀਸ਼ਨਲ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਸਚਿਨ ਗੁਪਤਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਦੌਰਾਨ ਹਿੰਸਕ ਟਕਰਾਅ ਕਰਨ ਅਤੇ ਦੂਜਿਆਂ ਨੂੰ ਸੱਟਾਂ ਪਹੁੰਚਾਉਣ ਦੇ ਦੋਸ਼ੀਆਂ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਮਨਜੀਤ ਸਿੰਘ ਜੀ. ਕੇ., ਕੁਲਦੀਪ ਸਿੰਘ ਭੋਗਲ, ਪਰਮਜੀਤ ਸਿੰਘ ਰਾਣਾ ਅਤੇ ਚਮਨ ਸਿੰਘ ਨੂੰ ਬਰੀ ਕਰ ਦਿੱਤਾ ਹੈ।

ਅਦਾਲਤ ਨੇ ਸਾਰੇ ਦੋਸ਼ੀਆਂ ਖ਼ਿਲਾਫ਼ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ 147 (ਦੰਗਾਕਾਰੀ), 148 (ਦੰਗਾਕਾਰੀ, ਮਾਰੂ ਹਥਿਆਰਾਂ ਨਾਲ ਲੈਸ), 323 (ਆਪਣੀ ਮਰਜ਼ੀ ਨਾਲ ਸੱਟ ਪਹੁੰਚਾਉਣਾ), 325 (ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣਾ) ਅਤੇ 427 (ਅਜਿਹੀ ਕਿਸੇ ਵੀ ਬਦਸਲੂਕੀ, ਜਿਸ ਨਾਲ 50 ਰੁਪਏ ਜਾਂ ਇਸ ਤੋਂ ਵੱਧ ਦੇ ਨੁਕਸਾਨ ਹੋਵੇ) ਆਦਿ ਤਹਿਤ ਦੋਸ਼ ਲਾਏ ਗਏ ਸਨ। ਅਦਾਲਤ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਸਤਗਾਸਾ ਪੱਖ ਦੋਸ਼ੀ ਵਿਅਕਤੀਆਂ ਖ਼ਿਲਾਫ਼ ਦੋਸ਼ਾਂ ਨੂੰ ਸਾਬਤ ਕਰਨ ਵਿਚ ਅਸਫ਼ਲ ਰਿਹਾ ਹੈ। ਅਦਾਲਤ ਨੇ ਕਿਹਾ ਕਿ ਮੁਕੱਦਮੇ ਦੀ ਸਾਰੀ ਕਹਾਣੀ ਸ਼ੱਕੀ ਹੈ ਅਤੇ ਇਸ ਦੇ ਕੋਈ ਠੋਸ ਸਬੂਤ ਨਹੀਂ ਹਨ। ਇਸ ਤਰ੍ਹਾਂ ਦੋਸ਼ੀ ਵਿਅਕਤੀਆਂ ਨੂੰ ਉਕਤ ਅਪਰਾਧਾਂ ਤੋਂ ਬਰੀ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *