ਚੰਡੀਗੜ੍ਹ, 22 ਦਸੰਬਰ (ਬਿਊਰੋ)- ਨਗਰ ਨਿਗਮ ਚੋਣਾਂ ਤੋਂ ਇਕ ਦਿਨ ਪਹਿਲਾਂ ਸੰਵੇਦਨਸ਼ੀਲ ਅਤੇ ਹੋਰ ਪੋਲਿੰਗ ਬੂਥ ਪੈਰਾ-ਮਿਲਟਰੀ ਅਤੇ ਚੰਡੀਗੜ੍ਹ ਪੁਲਸ ਦੇ ਹਵਾਲੇ ਹੋ ਜਾਣਗੇ। ਨਗਰ ਨਿਗਮ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਪੁਲਸ ਵਿਭਾਗ ਦੀ ਜ਼ਿੰਮੇਵਾਰੀ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ’ਤੇ ਹੋਵੇਗੀ। ਉਨ੍ਹਾਂ ਦੀ ਅਗਵਾਈ ’ਚ ਐੱਸ. ਪੀ. ਹੈੱਡਕੁਆਰਟਰ ਮਨੋਜ ਕੁਮਾਰ ਮੀਣਾ, ਐੱਸ. ਪੀ. ਸਿਟੀ ਕੇਤਨ ਬਾਂਸਲ, ਸਾਰੇ ਡੀ. ਐੱਸ. ਪੀਜ਼ ਅਤੇ ਆਈ. ਆਰ. ਬੀ. ਸਮੇਤ 3500 ਪੁਲਸ ਜਵਾਨ ਡਿਊਟੀ ’ਤੇ ਹੋਣਗੇ।
ਪੀ. ਸੀ. ਆਰ. ਜਵਾਨ ਬੂਥਾਂ ਦੇ ਆਸ-ਪਾਸ ਕਰੇਗੀ ਗਸ਼ਤ, ਟ੍ਰੈਫ਼ਿਕ ਪੁਲਸ ਲਾਏਗੀ ਸਪੈਸ਼ਲ ਨਾਕੇ
ਪੀ. ਸੀ. ਆਰ. ਜਵਾਨ ਬੂਥਾਂ ਦੇ ਆਸ-ਪਾਸ ਗਸ਼ਤ ਕਰਨਗੇ ਅਤੇ ਟ੍ਰੈਫਿਕ ਪੁਲਸ ਸਪੈਸ਼ਲ ਨਾਕੇ ਲਾਏਗੀ। ਹਰ ਇਕ ਬੂਥ ’ਤੇ ਬਿਨਾਂ ਮਾਸਕ ਅਤੇ ਥਰਮਲ ਸਕੈਨਿੰਗ ਦੇ ਵੋਟ ਨਹੀਂ ਪਾ ਸਕੋਗੇ। ਇਸ ਲਈ ਸਾਰੇ ਬੂਥਾਂ ’ਤੇ ਤਾਇਨਾਤ ਸਿਹਤ ਮੁਲਾਜ਼ਮਾਂ ਦੀ ਟੀਮ ਦੇ ਨਾਲ ਪੁਲਸ ਮੁਲਾਜ਼ਮਾਂ ਦੀ ਟੀਮ ਪੀ. ਪੀ. ਈ. ਕਿੱਟ ’ਚ ਤਾਇਨਾਤ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਮੰਦਭਾਗੀ ਘਟਨਾ ਹੋਣ ’ਤੇ ਗ੍ਰਿਫ਼ਤਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਭਾਗ ਦੀ ਮੰਗ ’ਤੇ ਕੁੱਲ 6 ਕੰਪਨੀਆਂ ਵੀ ਤਾਇਨਾਤ ਹੋਣਗੀਆਂ।
ਸੰਵੇਦਨਸ਼ੀਲ ਬੂਥਾਂ ’ਤੇ ਪੁਲਸ ਦੀ ਰਹੇਗੀ ਨਜ਼ਰ
ਕਾਲੋਨੀਆਂ ਅਤੇ ਪਿੰਡ ’ਚ ਬਣੇ ਸੰਵੇਦਨਸ਼ੀਲ ਬੂਥਾਂ ’ਤੇ ਪੁਲਸ ਦੀ ਖ਼ਾਸ ਨਜ਼ਰ ਰਹੇਗੀ। ਇੱਥੇ ਪੁਲਸ ਵਿਭਾਗ ਨੇ ਪੈਰਾ-ਮਿਲਟਰੀ ਫੋਰਸ ਲਾਈ ਹੈ। ਇਸ ’ਚ ਹੱਲੋਮਾਜਰਾ, ਬਾਪੂਧਾਮ, ਰਾਮਦਰਬਾਰ, ਕਾਲੋਨੀ ਨੰਬਰ 4, ਮਲੋਆ, ਧਨਾਸ, ਸੈਕਟਰ-25 ਕਾਲੋਨੀ, ਇੰਦਰਾ ਕਾਲੋਨੀ, ਕਿਸ਼ਨਗੜ੍ਹ ਅਤੇ ਡੱਡੂਮਾਜਰਾ ਆਦਿ ਇਲਾਕੇ ਹਨ, ਜਿੱਥੇ ਝਗੜੇ ਦੀ ਸੰਭਾਵਨਾ ਰਹਿੰਦੀ ਹੈ। ਸੀ. ਆਈ. ਡੀ. ਟੀਮ ਸਥਾਨਕ ਪੁਲਸ ਦੀ ਮਦਦ ਨਾਲ ਸੰਵੇਦਨਸ਼ੀਲ ਬੂਥਾਂ ਦੀ ਗਰਾਊਂਡ ਪੱਧਰ ’ਤੇ ਫੀਡਬੈਕ ਲੈਣ ’ਚ ਜੁੱਟੀ ਹੈ। ਬੂਥਾਂ ’ਤੇ ਪੁਲਸ ਮੁਲਾਜ਼ਮਾਂ ਨੂੰ ਵੀਡੀਓ ਰਿਕਾਰਡਿੰਗ ਲਈ ਕੈਮਰਾ ਦਿੱਤਾ ਜਾਵੇਗਾ। ਐਮਰਜੈਂਸੀ ਹਾਲਤ ’ਚ ਉਹ ਸਮਾਰਟ ਕੈਮਰੇ ਵੀ ਵਰਤੋਂ ਕਰ ਸਕਣਗੇ। ਇਸ ਵਾਰ ਨਗਰ ਨਿਗਮ ਚੋਣਾਂ ਲਈ 35 ਵਾਰਡਾਂ ’ਚ 694 ਮਤਦਾਨ ਕੇਂਦਰ ਬਣਾਏ ਗਏ ਹਨ। ਇਨ੍ਹਾਂ ’ਤੇ 6 ਪੈਰਾ-ਮਿਲਟਰੀ ਫੋਰਸ ਸਮੇਤ 3500 ਪੁਲਸ ਜਵਾਨਾਂ ਦੀ ਨਿਯੁਕਤੀ ਰਹੇਗੀ।