ਗਿੱਦੜਬਾਹਾ, ਆਪਣਾ ਗੜ੍ਹ ਗੁਆਉਣ ਤੋਂ 12 ਸਾਲ ਬਾਅਦ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੁਬਾਰਾ ਚੋਣ ਲੜਨ ਲਈ ਗਿੱਦੜਬਾਹਾ ਪਰਤ ਆਏ ਹਨ। ਬਾਦਲ ਇਸ ਹਲਕੇ ਨੂੰ ਇੱਕ “ਮਾਡਲ” ਵਿਧਾਨ ਸਭਾ ਹਲਕੇ ਵਜੋਂ ਦਰਸਾਉਣਾ ਚਾਹੁੰਦੇ ਹਨ। ਸੂਬੇ ਵਿਚ 20 ਨਵੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਪ੍ਰਚਾਰ ਦੌਰਾਨ ਸੂਬੇ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਉਮਦੀਵਾਰ ਮਨਪ੍ਰੀਤ ਬਾਦਲ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਲੈ ਰਹੇ ਹਨ।
ਗਿੱਦੜਬਾਹਾ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਕਾਂਗਰਸ ਨੇ ਅੰਮ੍ਰਿਤਾ ਵੜਿੰਗ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਖਰਾਜ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਗਿੱਦੜਬਾਹਾ ਸੀਟ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਸੀਟ ਤੋਂ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ। ਮੁਕਤਸਰ ਜ਼ਿਲ੍ਹੇ ਦੀ ਇਸ ਸੀਟ ਨੂੰ ਕਿਸੇ ਸਮੇਂ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ ਪੰਜ ਵਾਰ ਇਸ ਦੀ ਨੁਮਾਇੰਦਗੀ ਕੀਤੀ।