ਮੁੰਬਈ (ਬਿਊਰੋ) : 1975 ਦੇ ਦਹਾਕੇ ਦੌਰਾਨ ਬਾਲੀਵੁੱਡ ਗਲਿਆਰਿਆਂ ‘ਚ ਸਨਸਨੀ ਬਣ ਉਭਰੀ ਅਤੇ ਉਸ ਸਮੇਂ ਸੁਪਰ ਸਟਾਰ ਦਾ ਰੁਤਬਾ ਰੱਖਣ ਵਾਲੇ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਅਦਾਕਾਰਾ ਹੇਲੇਨਾ ਲਿਊਕ ਨਹੀਂ ਰਹੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਬੀਤੀ ਰਾਤ ਅਮਰੀਕਾ ਸਥਿਤ ਅਪਣੇ ਗ੍ਰਹਿ ਨਗਰ ਵਿਖੇ ਦਿਹਾਂਤ ਹੋ ਗਿਆ।
ਹਿੰਦੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ ਫ਼ਿਲਮਾਂ ਬਤੌਰ ਅਦਾਕਾਰਾ ਦਾ ਹਿੱਸਾ ਰਹੀ ਅਤੇ ਪਿਛਲੇ ਕਈ ਦਹਾਕਿਆ ਤੋਂ ਗੁੰਮਨਾਮੀ ਭਰੀ ਜ਼ਿੰਦਗੀ ਜਿਓ ਰਹੀ ਹੇਲੇਨਾ ਲਿਊਕ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਯੋਗਿਤਾ ਬਾਲੀ ਨਾਲ ਵਿਆਹ ਕਰਨ ਤੋਂ ਪਹਿਲਾਂ ਮਿਥੁਨ ਨੇ ਹੇਲੇਨਾ ਲਿਊਕ ਨਾਲ ਹੀ ਸੱਤ ਫੇਰੇ ਲਏ ਸਨ। ਹਾਲਾਂਕਿ ਇਹ ਵਿਆਹ ਸਿਰਫ਼ 4 ਮਹੀਨੇ ਹੀ ਚੱਲ ਸਕਿਆ ਸੀ। ਹੇਲੇਨਾ ਲਿਊਕ ਅਪਣੇ ਸਮੇਂ ਬੀ-ਟਾਊਨ ਦੀਆਂ ਪਾਰਟੀਆਂ ਦਾ ਵੀ ਖਾਸ ਆਕਰਸ਼ਨ ਰਹੀ ਹੈ, ਜਿਸ ਦੇ ਅਮਿਤਾਭ ਬੱਚਨ ਤੇ ਅਮਜ਼ਦ ਖ਼ਾਨ ਵਰਗੇ ਕਈ ਉੱਚ-ਕੋਟੀ ਸਿਨੇ ਸਟਾਰਜ ਨਾਲ ਦੋਸਤਾਨਾ ਸੰਬੰਧ ਰਹੇ।
ਦੱਸਣਯੋਗ ਹੈ ਕਿ ‘ਭਾਈ ਆਖਰ ਭਾਈ ਹੋਤਾ ਹੈ’ (1982), ‘ਦੋ ਗੁਲਾਬ’ ਅਤੇ ‘ਆਓ ਪਿਆਰ ਕਰੇ’ (1983) ਦਾ ਬਤੌਰ ਲੀਡ ਅਦਾਕਾਰਾ ਹਿੱਸਾ ਰਹੀ ਹੇਲੇਨਾ ਲਿਊਕ ਬਾਲੀਵੁੱਡ ਦੇ ਕੋੜੇ ਤਜ਼ੁਰਬੇ ਬਾਅਦ ਯੂ. ਐੱਸ. ਏ. ਸਥਿਤ ਅਪਣੇ ਘਰ ਵਾਪਸ ਪਰਤ ਗਈ, ਜਿਸ ਤੋਂ ਬਾਅਦ ਉਨ੍ਹਾਂ ਕਦੇ ਇਧਰ ਰੁਖ਼ ਕਰਨਾ ਜ਼ਰੂਰੀ ਨਹੀਂ ਸਮਝਿਆ ਅਤੇ ਉੱਥੇ ਹੀ ਉਨ੍ਹਾਂ ਅਪਣੇ ਆਖਰੀ ਸਾਹ ਲਏ।