ਮੋਗਾ : ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ, ਚੰਡੀਗੜ੍ਹ, ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫਰੀਦਕੋਟ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਜੈ ਗਾਂਧੀ ਸੀਨੀਅਰ ਕਪਤਾਨ ਪੁਲਿਸ ਮੋਗਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਮੁਹਿੰਮ ਤਹਿਤ ਸਰਬਜੀਤ ਸਿੰਘ ਉਪ ਕਪਤਾਨ ਪੁਲਿਸ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਸੁਨੀਤਾ ਰਾਣੀ ਮੁੱਖ ਅਫਸਰ ਥਾਣਾ ਫਤਹਿਗੜ੍ਹ ਵੱਲੋਂ ਮੁਕੱਦਮਾ ਨੰਬਰ 65 03.07.2019 ਜੁਰਮ 15-61-85 ਐੱਨਡੀਪੀਐੱਸ ਐਕਟ ਥਾਣਾ ਅਜੀਤਵਾਲ ਵਿੱਚ ਮੁਲਜ਼ਮ ਹਰਜਿੰਦਰ ਸਿੰਘ ਵਾਸੀ ਮੁਦਾਰਪੁਰ ਅਤੇ ਬੋਹੜ ਸਿੰਘ ਵਾਸੀ ਮੁਦਾਰਪੁਰ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਉਸ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ। ਇਸ ਮੌਕੇ ਡੀਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਕਤ ਦੀ ਪ੍ਰਾਪਰਟੀ ਵਿਚੋਂ ਕਰੀਬ 2500 ਸਕੇਅਰ ਫੁੱਟ ਜਗ੍ਹਾ ਕੀਮਤ ਕਰੀਬ 49,00,000/-ਰੁਪਏ ਉਸ ਦੇ ਖੁਦ ਦੇ ਨਾਮ ਹੈ ਅਤੇ ਬੋਹਰ ਸਿੰਘ ਉਕਤ ਦੀ ਪ੍ਰਾਪਰਟੀ ਵਿੱਚੋਂ ਕਰੀਬ 1360 ਸਕੇਅਰ ਫੁੱਟ (ਕੀਮਤ ਕਰੀਬ 32,79,000/- ਰੁਪਏ) ਉਸ ਦੇ ਖੁਦ ਨਾਮ ਹੈ ਕੀਮਤ ਹੈ।
ਉਨ੍ਹਾਂ ਦੱਸਿਆ ਕਿ ਕੁੱਲ ਕੀਮਤ ਕਰੀਬ 81,79,000/- ਬਣਦੀ ਹੈ ਜਿਸ ਨੂੰ ਅਟੈਚ ਕਰਨ ਸਬੰਧੀ ਇਨ੍ਹਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀ ਪ੍ਰਾਪਰਟੀ ਬਾਰੇ ਪੜਤਾਲ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਪ੍ਰਾਪਰਟੀ ਇਨ੍ਹਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਖ਼ਰੀਦ ਕਰ ਕੇ ਪ੍ਰਾਪਰਟੀ ਆਪਣੇ ਨਾਮ ਲਗਵਾਈ ਹੋਈ ਸੀ। ਜਿਸ ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 68/- ਐਫ(2) ਤਹਿਤ ਮਾਨਯੋਗ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰੱਥ ਅਧਿਕਾਰੀ ਪਾਸੋਂ ਮਨਜ਼ੂਰੀ ਹਾਸਲ ਕਰਨ ਉਪਰੰਤ ਅਟੈਚ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਹੋਰ ਵੀ ਨਸ਼ਾ ਸਮੱਗਲਰਾਂ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।