ਦੇਰ ਰਾਤ ਮੁਕਾਬਲੇ ਦੌਰਾਨ ਪੁਲਿਸ ਨੇ ਲੰਡਾ ਹਰੀਕੇ ਗਰੁੱਪ ਦਾ ਕੀਤਾ ਗੁਰਗਾ ਕਾਬੂ, ਲੱਤ ’ਤੇ ਲੱਗੀ ਗੋਲ਼ੀ

ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਦੇਰ ਰਾਤ ਇਕ ਮੁਕਾਬਲੇ ਦੌਰਾਨ ਵਿਦੇਸ਼ ’ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਯਾਦਵਿੰਦਰ ਸਿੰਘ ਯਾਦਾ ਦੇ ਗੁਰਗੇ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਨਾਕੇਬੰਦੀ ਦੌਰਾਨ ਉਸ ਨੇ ਪੁਲਿਸ ’ਤੇ ਫਾਇਰਿੰਗ ਕੀਤੀ ਤੇ ਜਵਾਬੀ ਗੋਲੀਬਾਰੀ ਵਿਚ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਇਕ 32 ਬੋਰ ਦਾ ਪਿਸਤੌਲ ਤੇ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਹੈ।

ਇਸ ਸਬੰਧ ਜਾਣਕਾਰੀ ਦਿੰਦਿਆਂ ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਨੂੰ ਸੂਚਨਾ ਸੀ ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਰਾਜੋਕੇ ਵਿਦੇਸ਼ ’ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਯਾਦਵਿੰਦਰ ਸਿੰਘ ਯਾਦਾ ਚੰਬਾ ਕਲਾਂ ਦੇ ਕਹਿਣ ’ਤੇ ਵਾਰਦਾਤਾਂ ਕਰਦਾ ਹੈ ਤੇ ਇਸ ਦੇ ਸਬੰਧ ਪਾਕਿਸਤਾਨੀ ਸਮੱਗਲਰਾਂ ਵੀ ਹਨ। ਉਕਤ ਨੌਜਵਾਨ ਦੇ ਨਜਾਇਜਜ਼ ਹਥਿਆਰ ਸਮੇਤ ਬਿਨਾ ਨੰਬਰ ਦੇ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਇਲਾਕੇ ਵਿਚ ਮੌਜੂਦ ਹੋਣ ਦੀ ਸੂਚਨਾ ਵੀ ਪੁਲਿਸ ਦੇ ਹੱਥ ਲੱਗੀ ਸੀ।

ਜਿਸ ਦੇ ਚੱਲਦਿਆਂ ਐੱਸਪੀ ਇਨਵੈਸਟੀਗੇਸ਼ਨ ਅਜੇਰਾਜ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਏਐੱਸਆਈ ਵਿਨੋਦ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਭੁੱਲਰ ਪਿੰਡ ਦੀ ਨਹਿਰ ਕੋਲ ਨਾਕੇਬੰਦੀ ਕਰ ਲਈ। ਰਾਤ ਕਰੀਬ ਸਵਾ ਦਸ ਵਜੇ ਜਦੋਂ ਗੁਰਲਾਲ ਸਿੰਘ ਮੋਟਰਸਾਈਕਲ ’ਤੇ ਉੱਧਰ ਆਇਆ ਤਾਂ ਪੁਲਿਸ ਨੂੰ ਵੇਖ ਭੱਜਣ ਲੱਗਿਆਂ ਉਸ ਦਾ ਮੋਟਰਸਾਈਕਲ ਸਲਿਪ ਹੋ ਗਿਆ। ਪੁਲਿਸ ਉਸ ਨੂੰ ਕਾਬੂ ਕਰਨ ਹੀ ਲੱਗੀ ਸੀ ਕਿ ਉਸ ਨੇ ਪੁਲਿਸ ਟੀਮ ’ਤੇ ਗੋਲੀ ਚਲਾ ਦਿੱਤੀ, ਜੋ ਏਐੱਸਆਈ ਵਿਨੋਦ ਕੁਮਾਰ ਦੇ ਸਿਰ ਕੋਲੋਂ ਲੰਘ ਗਈ।

ਜਦੋਂ ਜਵਾਬੀ ਗੋਲੀ ਚਲਾਈ ਤਾਂ ਇਕ ਗੋਲੀ ਗੁਰਲਾਲ ਦੀ ਲੱਤ ’ਤੇ ਲੱਗੀ ਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਕਾਬੂ ਕਰਕੇ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਐੱਸਐੱਸਪੀ ਨੇ ਦੱਸਿਆ ਕਿ ਗੁਰਲਾਲ ਸਿੰਘ ਕੋਲੋਂ 32 ਬੋਰ ਦਾ ਪਿਸਟਲ ਬਰਾਮਦ ਕੀਤਾ ਗਿਆ ਹੈ। ਜਦੋਂਕਿ ਉਸ ਖ਼ਿਲਾਫ਼ ਥਾਣਾ ਸਦਰ ਤਰਨਤਾਰਨ ਵਿਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *