Lawrence Bishnoi Interviews : ਇਕ ਸਾਲ ਬੀਤ ਜਾਣ ਦੇ ਬਾਵਜੂਦ ਇੰਟਰਨੈੱਟ ਮੀਡੀਆ ਤੋਂ ਨਹੀਂ ਹਟਾਏ ਗਏ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ

ਚੰਡੀਗੜ੍ਹ : ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ (Lawrence Bishnoi) ਦੇ ਇੰਟਰਵਿਊ ਇੰਟਰਨੈੱਟ ਮੀਡੀਆ ਤੋਂ ਹਟਾ ਨਹੀਂ ਸਕੀ। ਪਿਛਲੇ ਸਾਲ ਨਵੰਬਰ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਇੰਟਰਨੈਟ ਮੀਡੀਆ ਤੋਂ ਲਾਰੈਂਸ ਦੇ ਸਾਰੇ ਇੰਟਰਵਿਊ ਹਟਾਉਣ ਦੇ ਹੁਕਮ ਦਿੱਤੇ ਸਨ ਪਰ ਅਜੇ ਤਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਈਬਰ ਸੈੱਲ ਦੇ ਅਧਿਕਾਰੀਆਂ ਨਾਲ ਇੰਟਰਵਿਊ ਹਟਾਉਣ ਦੀ ਗੱਲ ਚੱਲ ਰਹੀ ਹੈ। ਅਧਿਕਾਰੀਆਂ ਮੁਤਾਬਕ ਗੈਂਗਸਟਰਾਂ ਨਾਲ ਸਬੰਧਤ ਫੇਸਬੁੱਕ ਆਈਡੀਜ਼ ਤੇ ਪੇਜਾਂ ਨੂੰ ਵੱਡੇ ਪੱਧਰ ‘ਤੇ ਬਲਾਕ ਕੀਤਾ ਗਿਆ ਹੈ। ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਲਾਰੈਂਸ ਇੰਟਰਵਿਊ ਮਾਮਲੇ ‘ਚ ਪੁਲਿਸ ਨੇ ਛੇ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਜੋ ਉਸ ਸਮੇਂ ਮੁਹਾਲੀ ਵਿੱਚ ਤਾਇਨਾਤ ਸਨ।ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਹਟਾਉਣ ਦਾ ਕਾਰਨ ਇਹ ਸੀ ਕਿ ਇਸ ਨੂੰ ਲੱਖਾਂ ਲੋਕਾਂ ਨੇ ਦੇਖਿਆ ਤੇ ਇਸ ਨਾਲ ਨੌਜਵਾਨਾਂ ਨੂੰ ਗਲਤ ਸੰਦੇਸ਼ ਗਿਆ ਹੈ। ਇੰਟਰਵਿਊ ਤੋਂ ਬਾਅਦ ਨੌਜਵਾਨ ਸੋਚਣ ਲੱਗਦੇ ਹਨ ਕਿ ਜੇਲ੍ਹ ‘ਚ ਬੰਦ ਗੈਂਗਸਟਰਾਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਜੋ ਉਨ੍ਹਾਂ ਨੂੰ ਅਪਰਾਧਿਕ ਦੁਨੀਆਂ ਵੱਲ ਖਿੱਚਣ ਦਾ ਕੰਮ ਕਰ ਰਹੀ ਹੈ। ਮੀਡੀਆ ਨੂੰ ਦਿੱਤੀ ਗਈ ਆਜ਼ਾਦੀ ਇਹ ਨਹੀਂ ਕਹਿੰਦੀ ਕਿ ਤੁਸੀਂ ਕਿਸੇ ਇਕ ਸ਼ਾਤਰ ਅਪਰਾਧੀ ਨੂੰ ਲੋਕਾਂ ਸਾਹਮਣੇ ਹੀਰੋ ਬਣਾ ਕੇ ਪੇਸ਼ ਕਰੋ ਜਿਵੇਂ ਕਿ ਲਾਰੈਂਸ ਬਿਸ਼ਨੋਈ ਨਾਲ ਕੀਤਾ ਗਿਆ ਸੀ, ਜਿਸ ਦੇ ਖਿਲਾਫ ਹੁਣ ਤਕ 90 ਤੋਂ ਵੱਧ ਘਿਨਾਉਣੇ ਅਪਰਾਧਾਂ ਦੇ ਕੇਸ ਦਰਜ ਹੋ ਚੁੱਕੇ ਹਨ।

ਪੰਜਾਬ ਪੁਲਿਸ ਨੇ 6 ਅਪ੍ਰੈਲ 2022 ਤੋਂ 9 ਸਤੰਬਰ 2024 ਤਕ 132 ਫੇਸਬੁੱਕ ਖਾਤਿਆਂ ਨੂੰ ਬਲਾਕ ਕੀਤਾ ਹੈ। ਕਰੀਬ 71 ਇੰਸਟਾਗ੍ਰਾਮ ਅਕਾਊਂਟ ਬੰਦ ਕਰ ਦਿੱਤੇ ਗਏ ਹਨ। ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੁੱਲ 203 ਖਾਤੇ ਬੰਦ ਕੀਤੇ ਹਨ। ਵੱਖ-ਵੱਖ ਨਾਮੀ ਗੈਂਗਸਟਰਾਂ ਦੇ ਨਾਂ ‘ਤੇ ਖਾਤੇ ਚੱਲ ਰਹੇ ਸਨ ਜਿਸ ‘ਤੇ ਇਤਰਾਜ਼ਯੋਗ ਪੋਸਟਾਂ ਸ਼ੇਅਰ ਜਾਂਦੀਆਂ ਸਨ। ਗੈਂਗਸਟਰ ਇਕ ਦੂਜੇ ‘ਤੇ ਹਮਲਾ ਕਰਨ ਦਾ ਦਾਅਵਾ ਕਰਦੇ ਸਨ। ਇਨ੍ਹਾਂ ਵਿੱਚੋਂ ਕਈ ਖਾਤੇ ਬਾਹਰੋਂ ਚਲਾਏ ਜਾ ਰਹੇ ਸਨ। ਸਾਈਬਰ ਸੈੱਲ ਦੇ ਅਧਿਕਾਰੀਆਂ ਮੁਤਾਬਕ ਕੁਝ ਹੋਰ ਖਾਤਿਆਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

Leave a Reply

Your email address will not be published. Required fields are marked *