PSPCL ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦਿੱਤੀ ਜਾਵੇ ਤਰਜੀਹ, ਮੇਟੀ ਨੇ ਚਾਰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਦਿੱਤੇ ਆਦੇਸ਼

ਚੰਡੀਗੜ੍ਹ : ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ’ਤੇ ਆਧਾਰਿਤ ਕੈਬਨਿਟ ਸਬ ਕਮੇਟੀ ਨੇ ਸੋਮਵਾਰ ਨੂੰ ਚਾਰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਕਮੇਟੀ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਕਰਮਚਾਰੀ ਬਿਨਾਂ ਜ਼ਰੂਰੀ ਸੁਰੱਖਿਆ ਕਿੱਟ ਦੇ ਕੋਈ ਖ਼ਤਰੇ ਵਾਲਾ ਕੰਮ ਨਾ ਕਰੇ।

ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿਚ ਪ੍ਰਸ਼ਾਸਕੀ ਸਕੱਤਰ (ਬਿਜਲੀ ਵਿਭਾਗ) ਰਾਹੁਲ ਤਿਵਾੜੀ, ਵਿੱਤ ਸਕੱਤਰ ਬਸੰਤ ਗਰਗ, ਪੀਐੱਸਪੀਸੀਐੱਲ ਦੇ ਚੇਅਰਮੈਨ-ਕਮ-ਪ੍ਰਬੰਧਕੀ ਡਾਇਰੈਕਟਰ ਬਲਦੇਵ ਸਿੰਘ ਸਰਾਂ, ਡਾਇਰੈਕਟਰ ਵੰਡ ਡੀਪੀਐੱਸ ਗਰੇਵਾਲ ਹਾਜ਼ਰ ਸਨ। ਕੈਬਨਿਟ ਸਬ-ਕਮੇਟੀ ਨੇ ਪਾਵਰਕਾਮ ਐਂਡ ਟਰਾਂਸਕੋ ਕੰਟਰੈਕਟ ਇੰਪਲਾਈਜ਼ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ।

ਇਸ ਤੋਂ ਬਾਅਦ ਮਿਡ-ਡੇ-ਮੀਲ ਯੂਨੀਅਨ ਨਾਲ ਮੀਟਿੰਗ ਦੌਰਾਨ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਨੈ ਬੁਬਲਾਨੀ ਨੇ ਕੈਬਨਿਟ ਸਬ-ਕਮੇਟੀ ਨੂੰ ਜਾਣੂ ਕਰਵਾਇਆ ਕਿ ਮਿਡ-ਡੇ-ਮੀਲ ਵਰਕਰਾਂ ਲਈ ਬੀਮਾ ਯੋਜਨਾ ਪ੍ਰਕਿਰਿਆ ਅਧੀਨ ਹੈ। ਪ੍ਰਸਤਾਵਿਤ ਯੋਜਨਾ ਤਹਿਤ, ਮਿਡ-ਡੇ-ਮੀਲ ਵਰਕਰਾਂ ਦਾ ਦੁਰਘਟਨਾ ਵਿਚ ਮੌਤ ਹੋਣ ਦੇ ਮਾਮਲੇ ਵਿਚ 16 ਲੱਖ ਰੁਪਏ, ਕੁਦਰਤੀ ਮੌਤ ਦੇ ਮਾਮਲੇ ਵਿਚ 1 ਲੱਖ ਰੁਪਏ ਅਤੇ ਦੁਰਘਟਨਾ ਵਿੱਚ ਜੀਵਨ ਸਾਥੀ ਦੀ ਮੌਤ ਦੇ ਮਾਮਲੇ ਵਿੱਚ 2 ਲੱਖ ਰੁਪਏ ਦਾ ਬੀਮਾ ਮੁਹਈਆ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਕੈਬਨਿਟ ਸਬ-ਕਮੇਟੀ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਹੋਰਨਾਂ ਮੰਗਾਂ ਨੂੰ ਵੀ ਜਲਦੀ ਹੱਲ ਕੀਤਾ ਜਾਵੇਗਾ।’ਬੇਰੁਜ਼ਗਾਰ ਸਾਂਝਾ ਮੋਰਚਾ’ ਅਤੇ ‘ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ’ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦੌਰਾਨ ਕੈਬਨਿਟ ਸਬ-ਕਮੇਟੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਅਤੇ ਮੁੱਦਿਆਂ ‘ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ।

ਇਸ ਮੌਕੇ ਬਲਿਹਾਰ ਸਿੰਘ ਕਟਾਰੀਆ, ਟੇਕ ਚੰਦ, ਸ਼ੇਰ ਸਿੰਘ, ਹਰਜਿੰਦਰ ਕੌਰ ਲੋਪੋ, ਪਰਮਜੀਤ ਕੌਰ, ਬਲਵਿੰਦਰ ਕੌਰ, ਗੁਰਬਿੰਦਰ ਸਿੰਘ ਖਹਿਰਾ, ਅਤਿੰਦਰਪਾਲ ਸਿੰਘ, ਇੰਦਰ ਸੁਖਦੀਪ ਸਿੰਘ, ਦਲਜੀਤ ਸਿੰਘ ਸਫੀਪੁਰ ਅਤੇ ਰਮਨ ਸਿੰਗਲਾ, ਬੇਰੁਜ਼ਗਾਰ ਸਾਂਝਾ ਮੋਰਚਾ ਤੋਂ ਹਰਜਿੰਦਰ ਸਿੰਘ ਝੁਨੀਰ, ਜਸਵੰਤ ਘੁਬਾਇਆ, ਸੁਖਪਾਲ ਖਾਨ ਅਤੇ ਦਵਿੰਦਰ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *