ਲਾਹੌਰ, ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਉੱਥੋਂ ਦੀ ਯਾਤਰਾ ’ਤੇ ਆਉਣ ਵਾਲੇ ਸਿੱਖ ਤੀਰਥ ਯਾਤਰੀਆਂ ਨੂੰ ਸੋਮਵਾਰ ਨੂੰ ਆਪਣੇ ਨਾਲ ਭਾਰਤੀ ਰੁਪਏ ਦੀ ਜਗ੍ਹਾ ਡਾਲਰ ਲੈ ਕੇ ਆਉਣ ਦੇ ਹੁਕਮ ਦਿੱਤੇ ਹਨ। ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ’ਤੇ ਹੋਣ ਵਾਲੇ ਸਮਾਗਮਾਂ ਵਿਚ ਭਾਗ ਲੈਣ ਲਈ 14 ਨਵੰਬਰ ਨੂੰ ਵੱਡੀ ਗਿਣਤੀ ਵਿਚ ਭਾਰਤੀ ਸਿੱਖ ਇੱਥੇ ਪੁੱਜਣਗੇ। ਪਿਛਲੇ ਸਾਲ ਇਸ ਸਮਾਗਮ ਵਿਚ ਭਾਗ ਲੈਣ ਲਈ ਭਾਰਤ ਤੋਂ ਲਗਪਗ 3000 ਸਿੱਖ ਤੀਰਥ ਯਾਤਰੀ ਵਾਹਘਾ ਬਾਰਡਰ ਰਾਹੀਂ ਇੱਥੇ ਪੁੱਜੇ ਸਨ।
ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਲਾਹੌਰ ਵਿਚ ਕਿਹਾ, ਸਾਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਆਉਣ ਵਾਲੇ ਭਾਰਤੀ ਸਿੱਖਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਮੌਜੂਦਾ ਵਟਾਂਦਰਾ ਦਰ ਤੋਂ ਬਹੁਤ ਘੱਟ ਰਾਸ਼ੀ ਦਿੱਤੀ ਜਾ ਰਹੀ ਹੈ। ਅਰੋੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖਾਂ ਨੂੰ ਇੱਥੇ ਸਹੂਲਤਾਂ ਲਈ ਨੇਤਾਵਾਂ ਨੂੰ ਕੋਈ ਵਾਧੂ ਰਾਸ਼ੀ ਨਹੀਂ ਦੇਣੀ ਚਾਹੀਦੀ।