ਫਰਜ਼ੀ ਡਿਗਰੀਆਂ ਬਣਾਉਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ

ਜਲੰਧਰ : ਥਾਣਾ ਸਦਰ ਦੀ ਪੁਲਿਸ ਨੇ ਅੰਤਰਰਾਜੀ ਫਰਜ਼ੀ ਡਿਗਰੀਆਂ ਬਣਾਉਣ ਵਾਲੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਪੁਸ਼ਕਰ ਗੋਇਲ ਵਾਸੀ ਚੱਕੀ ਫੱਤੂਢੀਂਗਾ, ਕਪੂਰਥਲਾ ਹਾਲ ਵਾਸੀ ਗ੍ਰੀਨ ਪਾਰਕ ਜਲੰਧਰ ਤੇ ਵਰਿੰਦਰ ਕੁਮਾਰ ਵਾਸੀ ਮੋਤਾ ਸਿੰਘ ਨਗਰ, ਜਲੰਧਰ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਪੁਲਿਸ ਨੇ 16 ਪਾਸਪੋਰਟ, 6 ਲੈਪਟਾਪ, 3 ਪ੍ਰਿੰਟਰ, ਇਕ ਸਟੈਂਪ ਬਣਾਉਣ ਵਾਲੀ ਮਸ਼ੀਨ ਤੇ 8 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਥਾਣਾ ਸਦਰ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਜਲੰਧਰ ‘ਚ ਇਕ ਅੰਤਰਰਾਜੀ ਗਿਰੋਹ ਸਰਗਰਮ ਹੈ, ਜੋ ਕਿ ਇੰਜੀਨੀਅਰਿੰਗ, ਮੈਡੀਕਲ, ਹੋਟਲ ਮੈਨੇਜਮੈਂਟ ਆਦਿ ਸਮੇਤ ਵੱਖ-ਵੱਖ ਡਿਗਰੀਆਂ ਤਿਆਰ ਕਰ ਰਿਹਾ ਹੈ। ਜਾਣਕਾਰੀ ਮਿਲੀ ਸੀ ਕਿ ਇਹ ਸਾਰਾ ਨੈੱਟਵਰਕ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੋਂ ਇਲਾਵਾ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ’ਚ ਫੈਲਿਆ ਹੋਇਆ ਹੈ। ਅਜਿਹੇ ‘ਚ ਜਾਂਚ ਦੌਰਾਨ ਕਮਿਸ਼ਨਰੇਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਸਟੈਂਡ ਨੇੜੇ ਸਥਿਤ ਗ੍ਰੀਨ ਪਾਰਕ ਦੇ ਮਕਾਨ ਨੰਬਰ 96 ਏ ‘ਚ ਛਾਪਾ ਮਾਰ ਕੇ ਮੁੱਖ ਮੁਲਜ਼ਮ ਪੁਸ਼ਕਰ ਗੋਇਲ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਕਬਜ਼ੇ ‘ਚੋਂ ਵੱਡੀ ਮਾਤਰਾ ‘ਚ ਜਾਅਲੀ ਡਿਗਰੀਆਂ ਬਣਾਉਣ ‘ਚ ਵਰਤੀ ਜਾਂਦੀ ਸਮੱਗਰੀ ਬਰਾਮਦ ਹੋਈ ਹੈ। ਮੁਲਜ਼ਮਾਂ ਨੇ ਪੁਲਿਸ ਕੋਲ ਕਬੂਲ ਕੀਤਾ ਕਿ ਇਸ ਗਿਰੋਹ ’ਚ ਉਸ ਦਾ ਇਕ ਹੋਰ ਸਾਥੀ ਵਰਿੰਦਰ ਕੁਮਾਰ ਵਾਸੀ ਮੋਤਾ ਸਿੰਘ ਨਗਰ ਵੀ ਸ਼ਾਮਲ ਹੈ। ਅਜਿਹੇ ‘ਚ ਪੁਲਿਸ ਟੀਮ ਨੇ ਵਰਿੰਦਰ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਘਰੋਂ 196 ਜਾਅਲੀ ਡਿਗਰੀਆਂ, 53 ਸਟੈਂਪ, 16 ਪਾਸਪੋਰਟ, 6 ਲੈਪਟਾਪ, 3 ਪ੍ਰਿੰਟਰ, ਇਕ ਸਟੈਂਪ ਬਣਾਉਣ ਵਾਲੀ ਮਸ਼ੀਨ ਤੇ 8 ਮੋਬਾਈਲ ਫ਼ੋਨ ਬਰਾਮਦ ਕੀਤੇ। ਇਸੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦਾ ਨੈੱਟਵਰਕ ਪੂਰੇ ਦੇਸ਼ ’ਚ ਫੈਲਿਆ ਹੋਇਆ ਹੈ। ਅਜਿਹੇ ‘ਚ ਪੁਲਿਸ ਨੇ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈ ਕੇ ਉਨ੍ਹਾਂ ਦੇ ਨੈੱਟਵਰਕ ਦੀਆਂ ਜੜ੍ਹਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ।

Leave a Reply

Your email address will not be published. Required fields are marked *