ਬਠਿੰਡਾ : ਲੰਘੇ ਸ਼ੁੱਕਰਵਾਰ ਦੀ ਸ਼ਾਮ ਨੂੰ ਪਿੰਡ ਕੋਟਗੁਰੂ ਵਿਖੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦ ਪੀੜਤ ਨੌਜਵਾਨ ਆਪਣੀ ਪਤਨੀ ਤੇ ਅੱਠ ਮਹੀਨਿਆਂ ਦੇ ਬੱਚੇ ਸਮੇਤ ਮੋਟਰਸਾਈਕਲ ’ਤੇ ਆਪਣੀ ਮਾਸੀ ਨੂੰ ਮਿਲਣ ਜਾ ਰਿਹਾ ਸੀ। ਉਕਤ ਵਾਰਦਾਤ ਨੂੰ ਮ੍ਰਿਤਕ ਦੀ ਪਤਨੀ ਦੇ ਭਰਾ ਤੇ ਉਸ ਦੇ ਦੋਸਤਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਥਾਣਾ ਸੰਗਤ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਉਸ ਦੇ ਭਰਾ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।
ਦੱਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਨੇ ਚਾਰ ਸਾਲ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ, ਜਿਸ ਕਾਰਨ ਮ੍ਰਿਤਕ ਦਾ ਸਹੁਰਾ ਪਰਿਵਾਰ ਉਸ ਨਾਲ ਰੰਜਿਸ਼ ਰੱਖਦਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਅਕਾਸ਼ਦੀਪ ਸਿੰਘ ਵਾਸੀ ਸੰਗਤ ਕਲਾਂ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਚਾਰ ਸਾਲ ਪਹਿਲਾਂ ਉਸਨੇ ਅਤੇ ਅਕਾਸ਼ਦੀਪ ਨੇ ਪ੍ਰੇਮ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਘਰ ਅੱਠ ਮਹੀਨੇ ਦਾ ਬੱਚਾ ਵੀ ਹੈ।
ਪੀੜਤਾਂ ਅਨੁਸਾਰ ਉਸ ਦਾ ਪੇਕਾ ਪਰਿਵਾਰ ਜੋ ਪਿੰਡ ਫੁੱਲੋਮਿੱਠੀ ਦਾ ਵਸਨੀਕ ਹੈ, ਇਸ ਵਿਆਹ ਤੋਂ ਖੁਸ਼ ਨਹੀਂ ਸਨ। ਉਸ ਦਾ ਭਰਾ ਗੁਰਭਿੰਦਰ ਸਿੰਘ ਉਸਦੇ ਪਤੀ ਨਾਲ ਰੰਜਿਸ਼ ਰੱਖਦਾ ਸੀ।