ਪਟਿਆਲਾ : ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿੱਚ ਵੀਸੀ ਖ਼ਿਲਾਫ਼ ਵਿਦਿਆਰਥੀਆਂ ਦਾ ਧਰਨਾ ਲਗਾਤਾਰ ਚੌਥੇ ਦਿਨ ਵੀ ਜਾਰੀ ਰਿਹਾ। ਬੁੱਧਵਾਰ ਨੂੰ ਗਰਮੀ ਕਾਰਨ ਤਿੰਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਹਾਲਤ ਵਿਗੜ ਗਈ। ਜ਼ਿਕਰਯੋਗ ਹੈ ਕਿ ਹੋਸਟਲ ਦੇ ਵਿਦਿਆਰਥੀਆਂ ਨੇ ਵੀਸੀ ‘ਤੇ ਜੀਵਨ ਪੱਧਰ ਨੂੰ ਲੈ ਕੇ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀ ਹੜਤਾਲ ‘ਤੇ ਹਨ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਬਣਾਈ ਗਈ ਨੌਂ ਮੈਂਬਰੀ ਕਮੇਟੀ ਦੇ ਤਿੰਨ ਮੈਂਬਰਾਂ ਕੰਟਰੋਲਰ ਪ੍ਰੀਖਿਆ ਡਾ. ਸ਼ਰਨਜੀਤ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਮਨੋਜ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਡਾ. ਜਸਲੀਨ ਕੇਵਲਾਨੀ ਨੇ ਅਸਤੀਫ਼ਾ ਦੇ ਦਿੱਤਾ ਹੈ | ਇਕ ਮੈਂਬਰ ਨੇ ਦੱਸਿਆ ਕਿ ਯੂਨੀਵਰਸਿਟੀ ਅਥਾਰਟੀ ਨੇ ਉਸ ਨੂੰ ਮੰਗਲਵਾਰ ਨੂੰ ਵਿਦਿਆਰਥੀਆਂ ਨਾਲ ਮੀਟਿੰਗ ਤੋਂ ਕੁਝ ਮਿੰਟ ਪਹਿਲਾਂ ਹੀ ਦੱਸਿਆ, ਜਿਸ ਕਾਰਨ ਉਨ੍ਹਾਂ ਦਾ ਪਹੁੰਚਣਾ ਅਸੰਭਵ ਸੀ।