ਚੰਡੀਗੜ੍ਹ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਵਿੱਚ ਸ਼ੁਰੂ ਕੀਤੇ ਪੰਜ ਰੋਜ਼ਾ ‘ਖੇਤੀ ਨੀਤੀ ਮੋਰਚਾ’ ਦੇ ਦੂਜੇ ਦਿਨ ਸੈਕਟਰ-34 ਤੋਂ ਮਟਕਾ ਚੌਕ ਤੱਕ ਪੈਦਲ ਮਾਰਚ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਔਰਤਾਂ, ਨੌਜਵਾਨ, ਬਜ਼ੁਰਗ, ਮਜ਼ਦੂਰ ਤੇ ਕਿਸਾਨ ਸ਼ਾਮਲ ਹੋਏ। ਕਿਸਾਨਾਂ ਨੇ ਪੰਜਾਬ ’ਚ ਕਿਸਾਨ-ਮਜ਼ਦੂਰ ਪੱਖੀ ਖੇਤੀ ਨੀਤੀ ਬਣਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਸਾਨ-ਮਜ਼ਦੂਰਾਂ ਨੂੰ ਉਨ੍ਹਾਂ ਦਾ ਵਕੀਲ ਬਣ ਕੇ ਮੁੱਖ ਮੰਤਰੀ ਕੋਲ ਉਨ੍ਹਾਂ ਦਾ ਮੁੱਦਾ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਔਰਤਾਂ ਨੇ ਖੇਤੀ ਸੰਕਟ ਦੀ ਭੇਟ ਚੜ੍ਹ ਕੇ ਖੁਦਕੁਸ਼ੀਆਂ ਕਰ ਚੁੱਕੇ ਤੇ ਨਸ਼ਿਆਂ ਕਾਰਨ ਜਾਨਾਂ ਗੁਆ ਚੁੱਕੇ ਆਪਣੇ ਪਰਿਵਾਰਕ ਜੀਆਂ ਦੀਆਂ ਤਸਵੀਰਾਂ ਹੱਥਾਂ ’ਚ ਫੜੀਆਂ ਹੋਈਆਂ ਸਨ।
ਖੇਤੀ ਨੀਤੀ ਮੋਰਚਾ: ਸੜਕਾਂ ’ਤੇ ਉੱਤਰੇ ਹਜ਼ਾਰਾਂ ਕਿਸਾਨ
