ਲੌਂਗੋਵਾਲ- : ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਅੱਜ ਸਵੇਰ ਤੋਂ ਹੀ ਕਸਬੇ ‘ਚ ਵੋਟਾਂ ਪਾਉਣ ਦਾ ਕੰਮ ਮੱਠਾ ਰਿਹਾ। ਇੱਥੇ ਪਿਛਲੀਆਂ ਚੋਣਾਂ ਦੇ ਵਾਂਗ 12 ਵਜੇ ਤੱਕ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਨਹੀਂ ਮਿਲੀਆਂ। ਲੋਕਾਂ ਦੀ ਇਹ ਮੱਠੀ ਦਿਲਚਸਪੀ ਇਸ ਲੋਕ ਸਭਾ ਹਲਕੇ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨੁਕਸਾਨ ਜਾਂ ਲਾਭ ਕਿਸ ਉਮੀਦਵਾਰ ਨੂੰ ਹੁੰਦਾ ਹੈ, ਇਸ ਦਾ ਪਤਾ ਤਾਂ ਨਤੀਜਿਆਂ ਵਾਲੇ ਦਿਨ ਹੀ ਲੱਗੇਗਾ।
ਘੱਟ ਪੋਲਿੰਗ ਦਾ ਕਾਰਨ ਖੇਤਾਂ ਵਿੱਚ ਚੱਲ ਰਹੀ ਝੋਨੇ ਦੀ ਲਵਾਈ ਅਤੇ ਪੈ ਰਹੀ ਗਰਮੀ ਤੋਂ ਇਲਾਵਾ ਲੋਕਾ ‘ਚ ਚੋਣਾਂ ਪ੍ਰਤੀ ਘੱਟ ਦਿਲਚਸਪੀ ਸਮਝਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਹੈ।
ਉਨ੍ਹਾਂ ਨੇ ਆਪਣੇ ਟਵੀਟ ‘ਚ ਲੋਕਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਇਲਾਕੇ ਦੇ ਵਿਕਾਸ ਲਈ ਸੰਗਰੂਰ ਦੇ ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਪਰ ਲੌਂਗੋਵਾਲ ਦੇ ਲੋਕਾਂ ਦੀ ਵੋਟ ਪਾਉਣ ਪ੍ਰਤੀ ਕੋਈ ਵਧੇਰੇ ਦਿਲਚਸਪੀ ਦਿਖਾਈ ਨਹੀਂ ਦੇ ਰਹੀ ਹੈ।