ਕਾਬੁਲ, 6 ਸਤੰਬਰ (ਦਲਜੀਤ ਸਿੰਘ)- ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੈਂਕੜੇ ਲੋਕਾਂ ਨੂੰ ਲੈਕੇ ਉਡਾਣ ਭਰਨਾ ਚਾਹੁੰਦੇ ਘੱਟੋ-ਘੱਟ ਚਾਰ ਜਹਾਜ਼ ਬੀਤੇ ਕਈ ਦਿਨ ਤੋਂ ਉੱਥੋਂ ਨਿਕਲ ਨਹੀਂ ਪਾ ਰਹੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ ਤੋਂ ਨਿਕਲਣਾ ਚਾਹੁੰਦੇ ਲੋਕਾਂ ਦੀ ਮਦਦ ਕਰਨ ਲਈ ਅਮਰੀਕਾ ‘ਤੇ ਵੱਧਦੇ ਦਬਾਅ ਦੇ ਵਿਚਕਾਰ ਇਹ ਜਹਾਜ਼ ਉੱਥੋਂ ਉਡਾਣ ਕਿਉਂ ਨਹੀਂ ਭਰ ਪਾ ਰਹੇ ਇਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ।
ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ ਦੇ ਹਵਾਈ ਅੱਡੇ ‘ਤੇ ਇਕ ਅਫਗਾਨ ਅਧਿਕਾਰੀ ਨੇ ਦੱਸਿਆ ਕਿ ਜਹਾਜ਼ਾਂ ਵਿਚ ਸਵਾਰ ਲੋਕ ਅਫਗਾਨਿਸਤਾਨ ਦੇ ਹੋਣਗੇ, ਜਿਹਨਾਂ ਵਿਚੋਂ ਜ਼ਿਆਦਾਤਰ ਕੋਲ ਪਾਸਪੋਰਟ ਅਤੇ ਵੀਜ਼ਾ ਨਹੀਂ ਹਨ ਇਸ ਲਈ ਉਹ ਦੇਸ਼ ਤੋਂ ਨਿਕਲ ਨਹੀਂ ਪਾ ਰਹੇ ਹਨ। ਹੁਣ ਇਸ ਸਥਿਤੀ ਦਾ ਹੱਲ ਕੱਢਣ ਦੇ ਇੰਤਜ਼ਾਰ ਵਿਚ ਉਹ ਹਵਾਈ ਅੱਡੇ ਤੋਂ ਹੋਟਲ ਚਲੇ ਗਏ ਹਨ। ਭਾਵੇਂਕਿ ਅਮਰੀਕਾ ਵਿਚ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਵਿਚ ਇਕ ਚੋਟੀ ਦੇ ਰੀਪਬਲਿਕਨ ਮੈਂਬਰ ਨੇ ਕਿਹਾ ਕਿ ਸਮੂਹ ਵਿਚ ਅਮਰੀਕੀ ਸ਼ਾਮਲ ਹਨ ਅਤੇ ਉਹ ਜਹਾਜ਼ਾਂ ਵਿਚ ਬੈਠੇ ਹੋਏ ਹਨ ਪਰ ਤਾਲਿਬਾਨ ਉਹਨਾਂ ਨੂੰ ਉਡਾਣ ਨਹੀਂ ਭਰਨ ਦੇ ਰਿਹਾ ਅਤੇ ਉਹਨਾਂ ਨੂੰ ‘ਬੰਧਕ’ ਬਣਾ ਕੇ ਰੱਖਿਆ ਹੋਇਆ ਹੈ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਸੂਚਨਾ ਕਿੱਥੋਂ ਆਈ। ਇਸ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ।