ਕੋਲਕਾਤਾ,6 ਸਤੰਬਰ (ਦਲਜੀਤ ਸਿੰਘ)- ਪੱਛਮੀ ਬੰਗਾਲ ’ਚ ਜ਼ਿਮਨੀ ਚੋਣ ਦੇ ਐਲਾਨ ਤੋਂ ਬਾਅਦ ਸਿਆਸੀ ਹਲ-ਚਲ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰੇਗੀ। ਨੰਦੀਗ੍ਰਾਮ ਤੋਂ ਸ਼ੁਭੇਂਦੁ ਅਧਿਕਾਰੀ ਤੋਂ ਹਾਰਨ ਮਗਰੋਂ ਮਮਤਾ ਨੂੰ ਭਵਾਨੀਪੁਰ ਸੀਟ ਤੋਂ ਜ਼ਿਮਨੀ ਚੋਣ ਲਈ ਉਤਾਰਿਆ ਗਿਆ ਹੈ। 30 ਸਤੰਬਰ ਨੂੰ ਵੋਟਾਂ ਹੋਣਗੀਆਂ ਅਤੇ 3 ਅਕਤੂਬਰ ਨੂੰ ਨਤੀਜੇ ਆਉਣਗੇ। ਭਵਾਨੀਪੁਰ ਤੋਂ ਇਲਾਵਾ 30 ਸਤੰਬਰ ਨੂੰ ਸ਼ਮਸ਼ੇਰਗੰਜ ਅਤੇ ਜੰਗੀਪੁਰ ਵਿਧਾਨ ਸਭਾ ਸੀਟ ’ਤੇ ਵੀ ਵੋਟਿੰਗ ਹੋਵੇਗੀ। ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਵਲੋਂ ਸ਼ਮਸ਼ੇਰਗੰਜ ਸੀਟ ਤੋਂ ਅਮੀਰੂਲ ਇਸਲਾਮ ਨੂੰ ਅਤੇ ਜੰਗੀਪੁਰ ਵਿਧਾਨ ਸਭਾ ਸੀਟ ਤੋਂ ਜਾਕਿਰ ਹੁਸੈਨ ਚੋਣ ਲੜਨਗੇ। ਇਸ ਦਰਮਿਆਨ ਟੀ. ਐੱਮ. ਸੀ ਨੇਤਾ ਮਦਨ ਮਿੱਤਰਾ ਨੇ ਕਿਹਾ ਕਿ ਭਵਾਨੀਪੁਰ ਵਿਧਾਨ ਸਭਾ ਸੀਟ ਜ਼ਿਮਨੀ ਚੋਣਾਂ ਵਿਚ ਆਪਣੇ ਉਮੀਦਵਾਰ ਉਤਾਰ ਕੇ ਭਾਜਪਾ ਆਪਣਾ ਪੈਸਾ ਬਰਬਾਦ ਨਾ ਕਰੇ।
ਇਹ ਚੋਣ ਪੂਰੀ ਤਰ੍ਹਾਂ ਇਕ ਪਾਸੜ ਹੋਵੇਗੀ। ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਇਸ ਜ਼ਿਮਨੀ ਚੋਣ ਵਿਚ 13 ਸਤੰਬਰ ਤਕ ਉਮੀਦਵਾਰ ਆਪਣੀ ਨਾਮਜ਼ਦਗੀ ਭਰ ਸਕਦੇ ਹਨ। ਉੱਥੇ ਹੀ ਚੋਣ ਕਮਿਸ਼ਨ ਵਲੋਂ ਕਿਹਾ ਗਿਆ ਹੈ ਕਿ 16 ਸਤੰਬਰ ਤੱਕ ਨਾਮ ਵਾਪਸ ਵੀ ਲਏ ਜਾ ਸਕਦੇ ਹਨ। ਇਸ ਤੋਂ ਬਾਅਦ 30 ਸਤੰਬਰ ਨੂੰ ਵੋਟਾਂ ਪੈਣਗੀਆਂ ਅਤੇ 3 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।