ਮੁਕਤਸਰ ਸਾਹਿਬ : ਇੱਥੋਂ ਨੇੜਲੇ ਪਿੰਡ ਥਾਂਦੇਵਾਲਾ ਦੇ ਇਕ ਨੌਜਵਾਨ ਦਾ ਉਸਦੇ ਹੀ ਤਿੰਨ ਦੋਸਤਾਂ ਨੇ ਲੋਹ ਦੀ ਰਾਡ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਰਾਜਸਥਾਨ ਨਹਿਰ ‘ਚ ਸੁੱਟ ਦਿੱਤਾ। ਪੁਲਿਸ ਨੇ ਇਸ ਮਾਮਲੇ ’ਚ ਡੂੰਘਾਈ ਨਾਲ ਜਾਂਚ ਕਰਦਿਆਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ’ਚੋਂ ਇਕ ਨਾਬਲਾਗ ਦੱਸਿਆ ਜਾ ਰਿਹਾ ਹੈ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 23 ਅਗਸਤ ਨੂੰ ਮੰਗਤ ਸਿੰਘ (19) ਪੁੱਤਰ ਬੰਸਾ ਸਿੰਘ ਵਾਸੀ ਥਾਂਦੇਵਾਲਾ ਦੀ ਲਾਸ਼ ਮਲੋਟ ਤੋਂ ਡੱਬਵਾਲੀ ਰੋਡ ਆਧਨੀਆ ਪੁਲ਼ ਨਹਿਰ ਤੋਂ ਮਿਲੀ ਸੀ। ਮ੍ਰਿਤਕ ਦੇ ਚਾਚਾ ਜਸਵੰਤ ਸਿੰਘ ਉਰਫ ਬਬਲੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਥਾਂਦੇਵਾਲਾ ਦੇ ਬਿਆਨਾ ’ਤੇ ਮੁਕੱਦਮਾ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਬਰਖਿਲਾਫ ਜੁਵੈਨਾਇਲ, ਦਲੀਪ ਸਿੰਘ ਉਰਫ ਦੀਪੂ ਪੁੱਤਰ ਸ਼ੀਰਾ ਸਿੰਘ ਅਤੇ ਜਗਨਾਮ ਸਿੰਘ ਉਰਫ ਜੱਗ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਨ ਥਾਂਦੇਵਾਲਾ ਦਰਜ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਉਕਤ ਜੁਵੈਨਾਇਲ ਦਲੀਪ ਸਿੰਘ ਅਤੇ ਜਗਨਾਮ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਮੰਗਤ ਸਿੰਘ ਦੇ ਕਤਲ ਦੀ ਵਜ੍ਹਾ ਰੰਜਿਸ਼ ਦੱਸੀ। ਉਸ ਨੇ ਦੱਸਿਆ ਕਿ ਮੰਗਤ ਸਿੰਘ ਨਾਬਾਲਗ ਨੌਜਵਾਨ ਦੀ ਭੈਣ ’ਤੇ ਅੱਖ ਰੱਖਦਾ ਸੀ, ਜਿਸ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰਿਆ। ਬਾਅਦ ’ਚ ਮ੍ਰਿਤਕ ਦਾ ਮੋਟਰਸਾਈਕਲ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਰਾਜਸਥਾਨ ਨਹਿਰ ‘ਚ ਸੁੱਟ ਦਿੱਤਾ ਗਿਆ। ਕਤਲ ‘ਚ ਵਰਤੀ ਰਾਡ ਜਿਸ ਦੇ ਅੱਗੇ ਸਾਇਕਲ ਚੈਨ ਦੀ ਗਰਾਰੀ ਲੱਗੀ ਸੀ, ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਮਾਮਲੇ ‘ਚ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।