ਗੁਰਦਾਸਪੁਰ : ਸੰਯੂਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਤਾਮਿਲਨਾਡੂ ਦੇ ਤਿਰਚੁਰਾਪੱਲੀ ਅਤੇ ਪਾਂਡੀਚੇਰੀ ‘ਚ ਘੱਟੋ-ਘੱਟ ਸਮਰਥਨ ਮੁੱਲ (MSP) ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਕਰਵਾਈਆਂ ਮਹਾਪੰਚਾਇਤਾਂ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਅਤੇ ਗੁਰਦਾਸਪੁਰ ਨਾਲ਼ ਸਬੰਧਿਤ ਸੁਖਦੇਵ ਸਿੰਘ ਭੋਜਰਾਜ ਨੂੰ ਜਹਾਜ਼ ‘ਚ ਬੈਠਣ ਤੋਂ ਰੋਕ ਦਿੱਤਾ ਗਿਆ।
ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਿਰਪਾਨ ਨਾਲ ਹਵਾਈ ਸਫ਼ਰ ਕਰ ਚੁੱਕੇ ਹਨ। ਪਹਿਲਾਂ ਤਾਂ ਉਨ੍ਹਾਂ ਨੂੰ ਇਜ਼ਾਜਤ ਦੇ ਦਿੱਤੀ ਗਈ ਪਰ ਬਾਅਦ ‘ਚ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਸੁਰੱਖਿਆ ਮੁਲਾਜ਼ਾਂ ਨੇ ਕਿਰਪਾਨ ਨੂੰ ਹੀ ਮੁੱਦਾ ਬਣਾ ਲਿਆ। ਅਸਲੀਅਤ ਇਹ ਹੈ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇ ਮੁੱਦੇ ‘ਤੇ 13 ਫਰਵਰੀ ਤੋਂ ਦੱਖਣੀ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਸਥਾਰ ਤੋਂ ਡਰੀ ਹੋਈ ਹੈ ਤੇ ਇਸ ਨੂੰ ਰੋਕਣ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ।