ਨਵੀਂ ਦਿੱਲੀ, 6 ਸਤੰਬਰ (ਦਲਜੀਤ ਸਿੰਘ)- ਭਾਰਤ ’ਚ ਕੋਰੋਨਾ ਵਾਇਰਸ ਦੇ 38,948 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 3,30,27,621 ਹੋ ਗਈ ਹੈ। ਜਦਕਿ ਇਸ ਦੌਰਾਨ 219 ਮਰੀਜ਼ਾਂ ਦੀ ਮੌਤ ਮਗਰੋਂ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 4,40,752 ’ਤੇ ਪਹੁੰਚ ਗਿਆ ਹੈ। ਪਿਛਲੇ 167 ਦਿਨਾਂ ਵਿਚ ਸਾਹਮਣੇ ਆਏ ਵਾਇਰਸ ਨਾਲ ਮੌਤ ਦੇ ਇਹ ਸਭ ਤੋਂ ਘੱਟ ਮਾਮਲੇ ਹਨ ਅਤੇ ਕੋਵਿਡ-19 ਮੌਤ ਦਰ ਵੀ ਘੱਟ ਕੇ 1.33 ਫ਼ੀਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ 23 ਮਾਰਚ ਨੂੰ ਇਕ ਦਿਨ ਵਿਚ ਕੋਵਿਡ-19 ਨਾਲ 199 ਲੋਕਾਂ ਦੀ ਮੌਤ ਹੋਈ ਸੀ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ 4.04 ਲੱਖ ਹੋ ਗਈ ਹੈ। ਸਿਹਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ’ਚ ਵਾਇਰਸ ਨਾਲ 43,903 ਲੋਕ ਸਿਹਤਯਾਬ ਵੀ ਹੋਏ ਹਨ, ਜਿਸ ਤੋਂ ਬਾਅਦ ਹੁਣ ਤਕ ਠੀਕ ਹੋਣ ਵਾਲਿਆਂ ਦੀ ਗਿਣਤੀ 3,21,81,995 ਹੋ ਗਈ ਹੈ। ਉੱਥੇ ਹੀ ਸਰਗਰਮ ਕੇਸਾਂ ਦੀ ਗਿਣਤੀ ਫ਼ਿਲਹਾਲ 4,04,874 ਹੈ, ਜੋ ਕਿ ਕੁੱਲ ਕੇਸਾਂ ਦਾ 1.23 ਫ਼ੀਸਦੀ ਹੈ।