ਅੰਮ੍ਰਿਤਸਰ, 26 ਜਨਵਰੀ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਹਮੋ-ਸਾਹਮਮਣੇ ਹੋਣ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜੀਠੀਆ ਨੂੰ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਚੋਣ ਮੈਦਾਨ ’ਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਉਤਰਾਰਿਆ ਗਿਆ ਹੈ। ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੰਡਿਆਲਾ ਹਲਕੇ ਤੋਂ ਸਤਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ। ਇਸ ਦੇ ਨਾਲ ਹੀ ਰਸਮੀ ਤੌਰ ’ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਵੀ ਲੰਬੀ ਹਲਕੇ ਤੋਂ ਚੋਣ ਲੜਨ ਦਾ ਐਲਾਨ ਵੀ ਕੀਤਾ।
ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਤਿਆਰ ਹੋ ਜਾਣ ਕਿਉਂਕਿ ਮਾਝਾ ਦਾ ਜਰਨੈਲ ਉਨ੍ਹਾਂ ਖ਼ਿਲਾਫ਼ ਚੋਣ ਲੜਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਖ਼ਿਲਾਫ਼ ਪੰਜਾਬ ਦੀ ਸਰਕਾਰ ਸਮੇਤ ਸਾਰੀਆਂ ਹੀ ਪਾਰਟੀਆਂ ਲੱਗੀਆਂ ਹਨ, ਕਿਉਂਕਿ ਮਜੀਠੀਆ ਉਨ੍ਹਾਂ ਨੂੰ ਭਜਾ ਕੇ ਰੱਖਦੇ ਹਨ ਅਤੇ ਪੰਜਾਬੀਆਂ ਦੀ ਆਵਾਜ਼ ਚੁੱਕਦੇ ਹਨ।
ਉਨ੍ਹਾਂ ਕਿਹਾ ਕਿ ਬੜਾ ਅਫ਼ਸੋਸ ਹੈ ਕਿ ਚੰਨੀ ਸਰਕਾਰ ਨੇ ਖ਼ਾਸ ਕਰਕੇ ਨਵਜੋਤ ਸਿੱਧੂ ਨੇ ਮਜੀਠੀਆ ਖ਼ਿਲਾਫ਼ ਡਰੱਗ ਦਾ ਝੂਠਾ ਕੇਸ ਦਰਜ ਕੀਤਾ। ਇਕ ਗੁਰੂ ਸਿੱਖ ਪਰਿਵਾਰ ’ਤੇ ਡਰੱਗ ਦਾ ਝੂਠਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਇਕ ਅਜਿਹੇ ਇਨਸਾਨ ਹਨ ਕਿ ਜੋ ਰੋਜ਼ਾਨਾ ਢਾਈ ਘੰਟੇ ਨਿਤਨੇਮ ਕਰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ’ਚ ਸਿਰਫ਼ ਮੈਂ ਹੀ ਹੈ ਅਤੇ ਬਾਕੀਆਂ ਨੂੰ ਉਹ ਕੁਝ ਨਹੀਂ ਸਮਝਦੇ ਹਨ। ਹੁਣ ਅੰਮ੍ਰਿਤਸਰ ਹਲਕੇ ਦੀ ਜਨਤਾ ਇਨਸਾਫ਼ ਕਰੇਗੀ।
ਕਿਹਾ ਕਿ ਸਿੱਧੂ ਦਾ ਟਾਕਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਫ਼ੌਜ ਨਾਲ ਹੈ ਅਤੇ ਬਿਕਰਮ ਸਿੰਘ ਮਜੀਠੀਆ ਹੀ ਸਿੱਧੂ ਦੀ ਜ਼ਮਾਨਤ ਜ਼ਬਤ ਕਰਵਾਉਣਗੇ। ਇਸ ਦੇ ਨਾਲ ਹੀ ਸਿੱਧੂ ਨੂੰ ਹੰਕਾਰ ਨੂੰ ਤੋੜਿਆ ਜਾਵੇਗਾ। ਉਥੇ ਹੀ ਇਸ ਮੌਕੇ ਬਾਕਾ ਬਕਾਲਾ ਹਲਕੇ ਤੋਂ ਕਈ ਸਰਪੰਚ, ਬਲਾਕ ਸਮਿਤੀ ਦੇ ਮੈਂਬਰ, ਜੰਡਿਆਲਾ ਹਲਕੇ ਤੋਂ ਵੀ ਕਈ ਮੈਂਬਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਜੰਡਿਆਲਾ ਗੁਰੂ ਤੋਂ ਸਤਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ।