ਜਲਾਲਾਬਾਦ- ਹਾਲ ਹੀ ’ਚ ਸੁਪਰੀਮ ਕੋਰਟ ਵੱਲੋਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ’ਚ ਕ੍ਰੀਮੀ ਲੇਅਰ ਵਰਗ ਨੂੰ ਰਿਜਰਵੇਸ਼ਨ ਦੇਣ ਦੇ ਫ਼ੈਸਲੇ ਦੇ ਵਿਰੋਧ ਬਹੁਜਨ ਸਮਾਜ ਪਾਰਟੀ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਜਲਾਲਾਬਾਦ ਵਿੱਚ ਅਸਰ ਵੇਖਣ ਨੂੰ ਨਹੀ ਮਿਲਿਆ।
ਬੰਦ ਦੇ ਸੱਦੇ ਦੇ ਬਾਵਜੂਦ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ। ਬਸਪਾ ਆਗੂਆਂ ਨੇ ਬੀ. ਸੀ. ਵਿੰਗ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਹਲਕਾ ਇੰਚਾਰਜ ਫਿਰੋਜ਼ਪੁਰ ਸੁਰਿੰਦਰ ਕੰਬੋਜ ਦੀ ਅਗਵਾਈ ਵਿੱਚ ਨਗਰ ਕੌਂਸਲ ਬੱਸ ਸਟੈਂਡ ‘ਤੇ ਰੋਸ ਵਿਖਾਵਾ ਕੀਤਾ। ਸੁਰਿੰਦਰ ਕੰਬੋਜ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇੰਦਰਾ ਸਾਹਨੀ ਮਾਮਲੇ ਵਿੱਚ ਨੌ ਮੈਂਬਰੀ ਬੈਂਚ ਵੱਲੋਂ ਰਿਜਰਵੇਸ਼ਨ ਦੇ ਖ਼ਿਲਾਫ਼ ਦਿੱਤਾ ਫ਼ੈਸਲਾ ਦੱਸਿਆ, ਜਿਸ ਨਾਲ ਰਿਜਰਵੇਸ਼ਨ ਦੀ ਨੀਂਹ ਪਈ ਸੀ। ਕੰਬੋਜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਐੱਸ. ਸੀ. ਐੱਸ. ਟੀ. ਅਤੇ ਦਲਿਤ ਸਮਾਜ ਦੇ ਅਧਿਕਾਰਾਂ ‘ਤੇ ਸੱਟ ਵੱਜੀ ਹੈ ਕਿਉਂਕਿ ਇਹ ਪਹਿਲਾਂ ਤੋਂ ਲਾਗੂ ਰਿਜਰਵੇਸ਼ਨ ’ਚ ਵਿਸ਼ੇਸ਼ ਰਿਜ਼ਰਵੇਸ਼ਨ ਹੈ। ਇਸ ਕਾਰਨ ਪੂਰੇ ਦੇਸ਼ ਅੰਦਰ ਅਦਾਲਤ ਦੇ ਫ਼ੈਸਲੇ ਦਾ ਵਿਰੋਧ ਹੋ ਰਿਹਾ ਹੈ।