ਠਾਣੇ: Badlapur Violence: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਸਥਿਤ ਬਦਲਾਪੁਰ ਦੇ ਇਕ ਸਕੂਲ ‘ਚ ਮੰਗਲਵਾਰ ਨੂੰ ਦੋ ਲੜਕੀਆਂ ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਲੜਕੀਆਂ ਦੇ ਮਾਪੇ ਮੰਗਲਵਾਰ ਨੂੰ ਸਕੂਲ ਦੇ ਸਾਹਮਣੇ ਇਕੱਠੇ ਹੋ ਗਏ ਅਤੇ ਇਸ ਦੀ ਭੰਨਤੋੜ ਕੀਤੀ ਅਤੇ ਪਥਰਾਅ ਕੀਤਾ।
ਜਦੋਂ ਇਹ ਸਭ ਕੁਝ ਚੱਲ ਰਿਹਾ ਸੀ ਤਾਂ ਇਸ ਘਿਨਾਉਣੀ ਘਟਨਾ ਵਿਰੁੱਧ ਮਾਪਿਆਂ ਨੂੰ ਆਮ ਨਾਗਰਿਕਾਂ ਦਾ ਵੀ ਸਮਰਥਨ ਮਿਲਿਆ ਅਤੇ ਕੁਝ ਹੀ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਪਿਆਂ ਦਾ ਸਮਰਥਨ ਕਰਨ ਲਈ ਇਕੱਠੇ ਹੋ ਗਏ।
40 ਲੋਕ ਗ੍ਰਿਫਤਾਰ
ਅੱਜ (21 ਅਗਸਤ) ਮਹਾਰਾਸ਼ਟਰ ਪੁਲਿਸ ਨੇ ਪ੍ਰਦਰਸ਼ਨਾਂ ਅਤੇ ਭੰਨਤੋੜ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਹੈ। ਪ੍ਰਦਰਸ਼ਨ ਕਰ ਰਹੇ 300 ਲੋਕਾਂ ਖਿਲਾਫ ਐਫਆਈਆਰ(FIR) ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 40 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਗ੍ਰਿਫਤਾਰ ਵਿਅਕਤੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਫਿਲਹਾਲ ਬਦਲਾਪੁਰ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਰੇਲਵੇ ਪੁਲਿਸ ਦੇ ਜੀਆਰਪੀ ਡੀਸੀਪੀ ਮਨੋਜ ਪਾਟਿਲ ਨੇ ਦੱਸਿਆ ਕਿ ਸਥਿਤੀ ਹੁਣ ਆਮ ਵਾਂਗ ਹੈ। ਮੰਗਲਵਾਰ ਨੂੰ ਬਦਲਾਪੁਰ ਰੇਲਵੇ ਸਟੇਸ਼ਨ ‘ਤੇ ਵਿਰੋਧ ‘ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਸ ਨੇ ਲਾਠੀਚਾਰਜ ਵੀ ਕੀਤਾ।