ਰਵਨੀਤ ਬਿੱਟੂ ਦੇ ‘ਗਧਿਆਂ ਤੋਂ ਸ਼ੇਰ ਮਰਵਾਉਣ’ ਵਾਲੇ ਬਿਆਨ ਨੇ ਪਾਇਆ ਭੜਥੂ, ਪੰਜਾਬ ਕਾਂਗਰਸ ‘ਚ ਮਚਿਆ ਘਮਾਸਾ

bittu/nawanpunjab.com

ਲੁਧਿਆਣਾ, 31 ਮਾਰਚ (ਬਿਊਰੋ)- ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲੱਗਣ ਤੋਂ ਪਹਿਲਾਂ ਹੀ ਪਾਰਟੀ ‘ਚ ਖਿੱਚੋਤਾਣ ਦਿਨੋਂ-ਦਿਨ ਤੇਜ਼ ਹੋ ਰਹੀ ਹੈ। ਇਸ ਦੇ ਤਹਿਤ ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਦੇ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਅਹੁਦਾ ਬਚਾਉਣ ਲਈ ਸ਼ਕਤੀ ਪ੍ਰਦਰਸ਼ਨ ਕਰਨ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੇ ਦਾਅਵੇਦਾਰਾਂ ਨੇ ਸਿੱਧੂ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਕਰਨਲ ਨੂੰ ਅਚਾਨਕ ਜਨਰਲ ਨਹੀਂ ਬਣਾਇਆ ਜਾ ਸਕਦਾ ਪਰ ਪਹਿਲਾਂ ਲੰਬੀ ਰੇਸ ‘ਚ ਘੋੜਿਆਂ ਦੀ ਥਾਂ ਖੱਚਰ ਦੌੜਾਏ ਗਏ, ਇਸ ਲਈ ਹੁਣ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਹਾਈਕਮਾਨ ਨੂੰ ਸੀਨੀਅਰਤਾ ਅਤੇ ਵਫ਼ਾਦਾਰੀ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਸ ਤੋਂ ਠੀਕ ਇਕ ਦਿਨ ਬਾਅਦ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਨਾਂ ਲਏ ਬਗੈਰ ਨਵਜੋਤ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ‘ਚ ਗਧਿਆਂ ਤੋਂ ਸ਼ੇਰ ਮਰਵਾ ਦਿੱਤੇ ਗਏ ਕਿਉਂਕਿ ਹੁਣ ਹਾਈਕਮਾਨ ਨੂੰ ਵੀ ਸਮਝ ਆ ਗਿਆ ਹੈ ਕਿ ਜਿਨ੍ਹਾਂ ਆਗੂਆਂ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਬਿਨਾਂ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ ਅਤੇ ਉਹ ਵੱਡੇ-ਵੱਡੇ ਦਾਅਵੇ ਕਰਦੇ ਹੋਏ ਗੱਬਰ ਸਿੰਘ ਬਣੇ ਹੋਏ ਸਨ, ਉਨ੍ਹਾਂ ਦੀ ਹਵਾ ਨਿਕਲ ਗਈ ਹੈ। ਰਵਨੀਤ ਬਿੱਟੂ ਨੇ ਸਿੱਧੂ ‘ਤੇ ਇਹ ਟਿੱਪਣੀ ਵੀ ਕੀਤੀ ਕਿ ਮਿਸ ਗਾਈਡਿਡ ਮਿਜ਼ਾਇਲ ਸਾਡੇ ਹੀ ਤੋਪਖ਼ਾਨੇ ‘ਤੇ ਡਿਗ ਗਈ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਵਜੋਤ ਸਿੱਧੂ ਨੂੰ ਮਿਸਗਾਈਡਿਡ ਮਿਜ਼ਾਇਲ ਦੱਸਿਆ ਗਿਆ ਸੀ।

Leave a Reply

Your email address will not be published. Required fields are marked *