ਕਾਲਕਾ: ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਹਰਿਆਣਾ ਦੇ ਪ੍ਰਦੇਸ਼ ਮੰਤਰੀ ਹਰੀਸ਼ ਗੁਰਜ਼ਰ ਨੇ ਕਿਹਾ ਕਿ ਭਾਰਤ ਦੇਸ਼ ਦਾ ਮਾਣ ਤਿਰੰਗਾ ਝੰਡਾ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰਤੀਕ ਹੈ। ਅੱਜ ਕਾਲਕਾ ਦੇ ਰੇਲਵੇ ਗਰਾਊਂਡ ਤੋਂ ਆਪਣੀ ਤਿਰੰਗਾ ਯਾਤਰਾ ਸ਼ੁਰੂ ਕਰਨ ਮੌਕੇ ਰੱਖੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਿਰੰਗਾ ਝੰਡਾ ਹਰ ਭਾਰਤੀ ਲਈ ਸਨਮਾਨ ਦੇ ਕਾਬਿਲ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਦੇਸ਼ ਭਗਤਾਂ ਨੇ ਆਪਣੀ ਕੁਰਬਾਨੀ ਦੇ ਕੇ ਭਾਰਤੀ ਝੰਡੇ ਦਾ ਮਾਣ ਸਨਮਾਨ ਕਾਇਮ ਰੱਖਿਆ ਹੈ।
ਸ਼੍ਰੀ ਗੁਰਜ਼ਰ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨੇ ਨਾ ਸਿਰਫ਼ ਦੇਸ਼ ਭਰ ਵਿੱਚ ਬਲਕਿ ਹਰਿਆਣਾ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਹਿੱਤ ਵਿੱਚ ਵੱਡੀਆਂ ਯੋਜਨਾਵਾਂ ਅਮਲ ਵਿੱਚ ਆਈਆਂ ਹਨ। ਇਸ ਤੋਂ ਇਲਾਵਾ ਸੂਬੇ ਦੀ ਭਾਜਪਾ ਸਰਕਾਰ ਨੇ ਵੀ ਹਰਿਆਣਾ ਲਈ ਵਿਆਪਕ ਪੱਧਰ ਦੀਆਂ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੀਤੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਬਦੌਲਤ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਅਗਲੀ ਵਾਰ ਵੀ ਸੂਬੇ ਵਿੱਚ ਭਾਜਪਾ ਦੀ ਹੀ ਸਰਕਾਰ ਬਣੇਗੀ।
ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਸਮਾਂ ਦਿੰਦੀ ਹੈ ਤਾਂ ਉਹ ਹਲਕੇ ਦੇ ਵਿਕਾਸ ਲਈ ਹੇਠਲੇ ਪੱਧਰ ਤੋਂ ਜਾਣਕਾਰੀ ਹਾਸਿਲ ਕਰਕੇ ਹਰ ਕੰਮ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ।ਸ਼੍ਰੀ ਗੁਰਜ਼ਰ ਵੱਲੋਂ ਅੱਜ ਰੇਲਵੇ ਗਰਾਊਂਡ ਸਥਿਤ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋਈ ਤਿਰੰਗਾ ਯਾਤਰਾ ਵੱਖ-ਵੱਖ ਇਲਾਕਿਆਂ ਵਿੱਚ ਦੀ ਹੁੰਦੀ ਹੋਈ ਸਫ਼ਲਤਾ ਨਾਲ ਮੁਕੰਮਲ ਹੋਈ।ਹੈਰਾਨੀ ਦੀ ਗੱਲ ਇਹ ਰਹੀ ਕਿ ਭਾਰੀ ਮੀਂਹ ਦੇ ਬਾਵਜੂਦ ਲੋਕਾਂ ਨੇ ਇਸ ਯਾਤਰਾ ਭਰਵਾਂ ਹੁੰਗਾਰਾ ਦਿੱਤਾ।
।